ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੰਡੀਗੜ੍ਹ ਦੇ 8 ਪ੍ਰਾਜੈਕਟਾਂ ਦਾ ਉਦਘਾਟਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਰਨਗੇ। ਅਮਿਤ ਸ਼ਾਹ 25 ਮਾਰਚ ਨੂੰ ਚੰਡੀਗੜ੍ਹ ਪਹੁੰਚਣਗੇ। ਇਹੀ ਕਾਰਨ ਹੈ ਕਿ ਇਨ੍ਹੀਂ ਦਿਨੀਂ ਚੰਡੀਗੜ੍ਹ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਇਨ੍ਹਾਂ ਪ੍ਰਾਜੈਕਟਾਂ ਨੂੰ ਅੰਤਿਮ ਰੂਪ ਦੇਣ ਵਿਚ ਮਸ਼ਰੂਫ ਹਨ। ਪ੍ਰਾਜੈਕਟਾਂ ਵਿਚ ਹੁਣ ਤੱਕ ਕਿੰਨਾ ਕੰਮ ਹੋਇਆ ਹੈ, ਇਸਦਾ ਜਾਇਜ਼ਾ ਲੈਣ ਲਈ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਸਾਰੀਆਂ ਥਾਵਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਮੌਕੇ ’ਤੇ ਮੌਜੂਦ ਅਧਿਕਾਰੀਆਂ ਨੂੰ ਕਈ ਨਿਰਦੇਸ਼ ਦਿੱਤੇ।
ਉਨ੍ਹਾਂ ਦੇ ਨਾਲ ਬੋਰਡ ਦੇ ਸੀ. ਈ. ਓ. ਯਸ਼ਪਾਲ ਗਰਗ ਸਮੇਤ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਮੌਜੂਦ ਰਹੇ। ਸਲਾਹਕਾਰ ਧਰਮਪਾਲ ਨੇ ਇਮਾਰਤ ਵਿਚ ਚੱਲ ਰਹੇ ਕੰਮਾਂ ਨੂੰ ਵੇਖਿਆ। ਜਾਣਕਾਰੀ ਅਨੁਸਾਰ 60 ਕਰੋੜ ਰੁਪਏ ਦੀ ਲਾਗਤ ਨਾਲ ਸੀ. ਐੱਚ. ਬੀ. ਦੀ ਨਵੀਂ ਇਮਾਰਤ ਤਿਆਰ ਕੀਤੀ ਗਈ ਹੈ। ਉਦਘਾਟਨ ਤੋਂ ਬਾਅਦ ਏ. ਬਲਾਕ ਤੋਂ ਸੀ. ਐੱਚ. ਬੀ. ਦੇ ਸਾਰੇ ਦਫ਼ਤਰ ਇਸ ਨਵੇਂ ਭਵਨ ਵਿਚ ਸ਼ਿਫਟ ਹੋਣਗੇ। ਸੈਕਟਰ-17 ਸਥਿਤ ਇੰਟੀਗ੍ਰੇਟਡ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਕੁੱਲ ਬਜਟ 199 ਕਰੋੜ ਰੁਪਏ ਹੈ। 70 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ 336 ਪੁਲਿਸ ਹਾਊਸਿੰਗ ਦਾ ਪ੍ਰਾਜੈਕਟ ਵੀ ਪੂਰਾ ਹੋ ਚੁੱਕਿਆ ਹੈ। ਨਾਲ ਹੀ 246 ਘਰਾਂ ਦੇ ਪੁਲਿਸ ਹਾਊਸਿੰਗ ਪ੍ਰਾਜੈਕਟ ਦਾ ਨੀਂਹ ਪੱਥਰ ਵੀ ਅਮਿਤ ਸ਼ਾਹ ਤੋਂ ਰਖਵਾਇਆ ਜਾਵੇਗਾ।