ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦੇਰ ਸ਼ਾਮ ਕਿਸ਼ਨਗੜ੍ਹ ਰੋਡ ਕੋਲ ਪੈਂਦੇ ਸ੍ਰੀ ਗੁਰੂ ਅਰਜਨ ਦੇਵ ਨਗਰ 'ਚੋ 3 ਦਿਨਾਂ ਤੋਂ ਲਾਪਤਾ ਮਾਸੂਮ ਬੱਚੇ ਦੀ ਅੱਜ ਦੁਕਾਨ ਦੀ ਤੀਜੀ ਮੰਜਿਲ ਦੀ ਛੱਤ ਤੋਂ ਲਾਸ਼ ਮਿਲੀ ਹੈ। ਦੱਸਿਆ ਜਾ ਰਿਹਾ ਇਹ ਬੱਚਾ ਖੇਡਦਾ ਹੋਇਆ ਦੁਕਾਨ ਦੀਆਂ ਪੌੜੀਆਂ ਚੜ੍ਹ ਕੇ ਉਪਰ ਚਲਾ ਗਿਆ ਸੀ। 2 ਦਿਨ ਤੱਕ ਪੌੜੀਆਂ ਦਾ ਸ਼ਟਰ ਬੰਦ ਰਿਹਾ ਤੇ ਬੱਚੇ ਦੀ ਉਪਰ ਭੁੱਖ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਨਗਰ ਸੁਧਾਰ ਟਰੱਸਟ ਦਫ਼ਤਰ ਸਾਹਮਣੇ ਬਣੀਆਂ ਦੁਕਾਨਾਂ ਦੇ ਮੂਹਰੇ ਕੁਝ ਪਰਿਵਾਰ ਬੈਠੇ ਹੋਏ ਸਨ।
ਇਨ੍ਹਾਂ 'ਚੋ ਮੇਲਿਆਂ 'ਚ ਖਿਡੌਣੇ ਵੇਚਣ ਵਾਲਾ ਹੁਸ਼ਿਆਰਪੁਰ ਵਾਸੀ ਪਵਨ ਕੁਮਾਰ ਆਪਣੀ ਪਤਨੀ ਨਾਲ ਇੱਥੇ ਰਹਿ ਰਿਹਾ ਸੀ । ਪਿਛਲੇ ਦਿਨੀਂ 3 ਸਾਲਾਂ ਬੱਚਾ ਖੇਡਦੇ ਹੋਏ ਅਗਰਵਾਲ ਕੋਲਡ ਦੀ ਦੁਕਾਨ ਦੀਆਂ ਪੌੜੀਆਂ ਚੜ੍ਹਦਾ- ਚੜ੍ਹਦਾ ਛੱਤ 'ਤੇ ਚਲਾ ਗਿਆ। ਬੱਚਾ ਦੂਜੀ ਮੰਜਿਲ ਦੀਆਂ ਪੌੜੀਆਂ ਚੜ੍ਹ ਕੇ ਤੀਜੀ ਮੰਜਿਲ 'ਤੇ ਚਲਾ ਗਿਆ। ਦੇਰ ਸ਼ਾਮ ਰੋਜ਼ਾਨਾ ਦੀ ਤਰ੍ਹਾਂ ਕੰਪਨੀਆਂ ਦੇ ਮੁਲਾਜ਼ਮ ਆਪਣੇ ਦਫਤਰ ਬੰਦ ਕਰਕੇ ਪੌੜੀਆਂ ਨੂੰ ਤਾਲਾ ਲੱਗਾ ਕੇ ਚਲੇ ਗਏ। ਬੱਚੇ ਦੇ ਉਪਰ ਹੋਣ ਦਾ ਕਿਸੇ ਨੂੰ ਨਹੀ ਪਤਾ ਲੱਗਾ। ਇਸ ਦੌਰਾਨ ਪਰਿਵਾਰਿਕ ਮੈਬਰਾਂ ਵਲੋਂ ਗੁੱਡੂ ਦੇ ਲਾਪਤਾ ਹੋਣ ਤੇ ਭਾਲ ਕੀਤੀ ਗਈ ਪਰ ਉਸ ਦਾ ਕੋਈ ਸੁਰਾਗ ਨਹੀ ਮਿਲਿਆ। ਅੱਜ ਸਵੇਰੇ ਪੁਲਿਸ ਵਲੋਂ ਭਾਲ ਕਰਨ 'ਤੇ ਉਸ ਦੀ ਲਾਸ਼ ਤੀਜੀ ਮੰਜਿਲ ਤੇ ਮਿਲੀ ।