ਮੁੰਬਈ (Vikram Sehajpal) : ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਕਿਹਾ ਹੈ ਕਿ ਅਸੀਂ ਮਹਾਰਾਸ਼ਟਰ ਨੂੰ ਇੱਕ ਸਥਿਰ ਸਰਕਾਰ ਦੇਵਾਂਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟਵੀਟ 'ਤੇ ਮੁੜ ਟਵੀਟ ਕਰਦਿਆਂ ਅਜੀਤ ਪਵਾਰ ਨੇ ਲਿਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ। ਅਸੀਂ ਇੱਕ ਸਥਿਰ ਸਰਕਾਰ ਨੂੰ ਯਕੀਨੀ ਬਣਾਵਾਂਗੇ ਜੋ ਮਹਾਰਾਸ਼ਟਰ ਦੇ ਲੋਕਾਂ ਦੀ ਭਲਾਈ ਲਈ ਸਖ਼ਤ ਮਿਹਨਤ ਕਰੇਗੀ। ਇਸ ਤੋਂ ਪਹਿਲਾ ਸ਼ਨੀਵਾਰ ਨੂੰ ਐਨਸੀਪੀ ਨੇ ਅਜੀਤ ਪਵਾਰ ਨੂੰ ਵਿਧਾਇਕ ਦਲ ਦੇ ਨੇਤਾ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਇਸ 'ਤੇ ਅਜੀਤ ਪਵਾਰ ਨੇ ਟਵੀਟ ਕਰ ਕਿਹਾ, "ਮੈਂ ਅਜੇ ਵੀ ਐਨਸੀਪੀ ਵਿੱਚ ਹਾਂ, ਅਤੇ ਹਮੇਸ਼ਾਂ ਰਹੇਗਾ ਅਤੇ ਸ਼ਰਦ ਪਵਾਰ ਸਾਡੇ ਨੇਤਾ ਹਨ।" ਅਜੀਤ ਪਵਾਰ ਨੇ ਕਿਹਾ ਕਿ ਸਾਡਾ ਭਾਜਪਾ-ਐਨਸੀਪੀ ਗਠਜੋੜ ਅਗਲੇ 5 ਸਾਲਾਂ ਲਈ ਮਹਾਰਾਸ਼ਟਰ ਵਿੱਚ ਇੱਕ ਸਥਿਰ ਸਰਕਾਰ ਮੁਹੱਈਆ ਕਰਵਾਏਗਾ। ਸਰਕਾਰ ਰਾਜ ਅਤੇ ਲੋਕਾਂ ਦੀ ਭਲਾਈ ਲਈ ਇਮਾਨਦਾਰੀ ਨਾਲ ਕੰਮ ਕਰੇਗੀ।
ਅਜੀਤ ਪਵਾਰ ਦੇ ਟਵੀਟ ਤੋਂ ਬਾਅਦ ਉਨ੍ਹਾਂ ਦੇ ਚਾਚਾ ਤੇ ਐਨਸੀਪੀ ਮੁਖੀ ਸ਼ਰਦ ਪਵਾਰ ਨੇ ਟਵੀਟ ਕਰ ਅਜੀਤ ਪਵਾਰ 'ਤੇ ਤਿੱਖੀ ਪ੍ਰਤਿਕਿਰਿਆ ਦਿੱਤੀ ਹੈ। ਸ਼ਰਦ ਪਵਾਰ ਨੇ ਕਿਹਾ ਕਿ ਮਹਾਰਾਸ਼ਟਰ 'ਚ ਭਾਜਪਾ ਨਾਲ ਗੱਠਜੋੜ ਬਣਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਸ਼ਰਦ ਪਵਾਰ ਨੇ ਅੱਗੇ ਲਿਖਿਆ ਕਿ ਐਨ ਸੀ ਪੀ ਨੇ ਸਰਬਸੰਮਤੀ ਨਾਲ ਮਹਾਰਾਸ਼ਟਰ 'ਚ ਸ਼ਿਵਸੇਨਾ ਅਤੇ ਕਾਂਗਰਸ ਨਾਲ ਗੱਠਜੋੜ ਕਰ ਸਰਕਾਰ ਬਣਾਉਣ ਦਾ ਫੈਸਲਾ ਲਿਆ ਹੈ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਅਜੀਤ ਪਵਾਰ ਦਾ ਇਹ ਬਿਆਨ ਲੋਕਾਂ ਵਿੱਚ ਭੰਬਲਭੂਸਾ ਅਤੇ ਗਲਤ ਧਾਰਣਾ ਪੈਦਾ ਕਰਨ ਲਈ ਜਾਰੀ ਕੀਤਾ ਗਿਆ ਹੈ।ਚਾਚਾ-ਭਤੀਜੇ 'ਚ ਚੱਲ ਰਹੀ ਇਸ ਸਿਆਸੀ ਲੜਾਈ ਦਾ ਅੰਜਾਮ ਕੀ ਹੋਵੇਗਾ ਇਸ ਦਾ ਫੈਸਲਾ ਤਾਂ ਸਮਾਂ ਹੀ ਦੱਸੇਗਾ।
ਇਸ ਤੋਂ ਪਹਿਲਾ ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਅਜੀਤ ਪਵਾਰ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਮੰਤਰੀ ਨਿਤਿਨ ਗਡਕਰੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਭਾਜਪਾ ਕਾਰਜਕਾਰੀ ਪ੍ਰਧਾਨ ਜੇ ਪੀ ਨੱਡਾ ਸਮੇਤ ਸਾਰੇ ਨੇਤਾਵਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਬਣਨ ‘ਤੇ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।ਦੱਸਣਯੋਗ ਹੈ ਕਿ ਅਜੀਤ ਪਵਾਰ ਨੇ ਸ਼ਨੀਵਾਰ ਨੂੰ ਭਾਜਪਾ ਦੇ ਨਾਲ ਮਹਾਰਾਸ਼ਟਰ ਵਿੱਚ ਸਰਕਾਰ ਬਣਾਈ ਸੀ। ਦੇਵੇਂਦਰ ਫੜਨਵੀਸ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਜਦ ਕਿ ਅਜੀਤ ਪਵਾਰ ਨੂੰ ਉਪ ਮੁੱਖ ਮੰਤਰੀ ਬਣਾਇਆ ਗਿਆ।
ਇਸ ਤੋਂ ਬਾਅਦ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਪਹੁੰਚ ਗਿਆ। ਅੱਜ ਇਸ ਮਾਮਲੇ ਦੀ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ।ਮਹਾ ਵਿਕਾਸ ਆਗੜੀ (ਐਨਸੀਪੀ-ਸ਼ਿਵ ਸੈਨਾ ਅਤੇ ਕਾਂਗਰਸ ਗੱਠਜੋੜ) ਲਈ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਅਦਾਲਤ ਨੂੰ ਦੱਸਿਆ ਕਿ ਜੇ ਭਾਜਪਾ ਕੋਲ ਬਹੁਮਤ ਹੈ ਤਾਂ ਅੱਜ ਉਸ ਨੂੰ ਬਹੁਮਤ ਦਾ ਟੈਸਟ ਕਰਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਦੂਜੇ ਵਕੀਲ ਅਭਿਸ਼ੇਕ ਮਨੂੰ ਸਿੰਘਵੀ ਨੇ ਕਿਹਾ ਕਿ ਜਦੋਂ ਅਸੀਂ ਸ਼ਾਮ ਸੱਤ ਵਜੇ ਸਰਕਾਰ ਬਣਾਉਣ ਦਾ ਐਲਾਨ ਕੀਤਾ ਤਾਂ ਰਾਜਪਾਲ ਨੇ ਇੰਤਜ਼ਾਰ ਕਿਉਂ ਨਹੀਂ ਕੀਤਾ। ਭਾਜਪਾ, ਕਾਂਗਰਸ-ਐਨਸੀਪੀ ਅਤੇ ਸ਼ਿਵ ਸੈਨਾ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਸਾਰੀਆਂ ਧਿਰਾਂ ਨੂੰ ਨੋਟਿਸ ਜਾਰੀ ਕੀਤਾ ਹੈ। ਹੁਣ ਇਸ ਮਾਮਲੇ ‘ਤੇ ਸੋਮਵਾਰ ਸਵੇਰੇ 10.30 ਵਜੇ ਮੁੜ ਸੁਣਵਾਈ ਹੋਵੇਗੀ।