ਨਵੀਂ ਦਿੱਲੀ (ਦੇਵ ਇੰਦਰਜੀਤ): ਵਿਗਿਆਨ ਭਵਨ ਵਿਖੇ 10ਵੇਂ ਗੇੜ ਦੀ ਬੈਠਕ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਰੇਲਵੇ, ਵਣਜ ਅਤੇ ਖੁਰਾਕ ਮੰਤਰੀ ਪੀਯੂਸ਼ ਗੋਇਲ ਅਤੇ ਵਣਜ ਰਾਜ ਮੰਤਰੀ ਸੋਮ ਪ੍ਰਕਾਸ਼ ਜੋ ਪੰਜਾਬ ਤੋਂ ਸੰਸਦ ਮੈਂਬਰ ਹਨ ਅਤੇ ਤਕਰੀਬਨ 40 ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।
ਬੈਠਕ ਦੌਰਾਨ ਕੇਂਦਰ ਸਰਕਾਰ ਵਲੋਂ ਖ਼ੇਤੀ ਕਾਨੂੰਨਾਂ 'ਤੇ 2 ਸਾਲ ਦੀ ਰੋਕ ਦੀ ਪੇਸ਼ਕਸ਼ ਅਤੇ ਨਾਲ ਹੀ ਅੰਦੋਲਨ ਨੂੰ ਖ਼ਤਮ ਕਰਨਾ ਨੂੰ ਕਿਸਾਨ ਜਥੇਬੰਦੀਆਂ ਨੇ ਨਾਕਾਰ ਦਿੱਤਾ ਹੈ। ਕਿਸਾਨ ਜਥੇਬੰਦੀਆਂ ਦੇ ਆਗੂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ’ਤੇ ਅੜੇ ਰਹੇ ਜਦਕਿ ਸਰਕਾਰ ਇਸ ਮੁੱਦੇ ਦਾ ਹੱਲ ਲਈ ਕਮੇਟੀ ਦੇ ਗਠਨ ਅਤੇ ਕਾਨੂੰਨਾਂ ’ਤੇ ਅਸਥਾਈ ਰੋਕ 'ਤੇ । ਕਿਸਾਨ ਆਗੂਆਂ ਵਲੋਂ ਸਰਕਾਰ ਦੇ ਮੰਤਰੀਆਂ ਦੀਆਂ ਦੋਵਾਂ ਪੇਸ਼ਕਸ਼ਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ।
ਇਨ੍ਹਾਂ ਹੀ ਨਹੀਂ ਮੀਟਿੰਗ 'ਚ ਕਿਸਾਨਾਂ ਨੇ ਕੌਮੀ ਜਾਂਚ ਏਜੇਂਸੀ (ਐੱਨ.ਆਈ.ਏ.) ਵੱਲੋਂ ਕਿਸਾਨ ਆਗੂਆਂ ਨੂੰ ਸੰਮਨ ਜਾਰੀ ਕਰਨ 'ਤੇ ਆਪਣਾ ਇਤਰਾਜ਼ ਵੀ ਦਰਜ ਕਰਵਾਇਆ ਹੈ। ਇਸ 'ਤੇ ਖੇਤੀ ਮੰਤਰੀ ਤੋਮਰ ਨੇ ਕਿਹਾ ਕਿ ਕਿਸੇ ਬੇਕਸੂਰ ਨਾਲ ਬੇਇਨਸਾਫ਼ੀ ਨਹੀਂ ਹੋਵੇਗੀ, ਜੇਕਰ ਕੋਈ ਬੇਕਸੂਰ ਹੈ ਤਾਂ ਉਸ ਦੀ ਲਿਸਟ ਦਿਓ, ਅਸੀਂ ਦੇਖਾਂਗੇ। ਦਸਣਯੋਗ ਹੈ ਕਿ ਪਹਿਲਾਂ ਇਹ ਗੱਲਬਾਤ ਮੰਗਲਵਾਰ ਨੂੰ ਹੋਣੀ ਸੀ, ਪਰ ਇਸ ਨੂੰ ਟਾਲ ਦਿੱਤਾ ਗਿਆ। ਦੋਵਾਂ ਧਿਰਾਂ ਵਿਚਕਾਰ ਹੁਣ ਤਕ ਦਸ ਗੇੜ ਦੀ ਗੱਲਬਾਤ ਹੋ ਚੁੱਕੀ ਹੈ, ਪਰ ਹੁਣ ਤਕ ਕੁਝ ਹਾਸਲ ਨਹੀਂ ਹੋਇਆ ਹੈ।