ਕਪੂਰਥਲਾ (ਰਾਘਵ): ਪੰਜਾਬ ਦੀਆਂ ਜੇਲ੍ਹਾਂ ਬਾਰੇ ਮੰਤਰੀ ਸ.ਲਾਲਜੀਤ ਸਿੰਘ ਭੁਲੱਰ ਨੇ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਵਿਚ ਬੰਦ ਖ਼ਤਰਨਾਕ ਕੈਦੀਆਂ ਨੂੰ ਅਲੱਗ ਜੇਲ੍ਹ ਵਿਚ ਰੱਖਣ ਲਈ 100 ਕਰੋੜ ਰੁਪਏ ਦੀ ਲਾਗਤ ਨਾਲ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਗੋਰਸੀਆਂ ਕਾਦਰ ਬਖਸ਼ ਵਿਖੇ ਅਤਿ ਆਧੁਨਿਕ ਸੁਰੱਖਿਆ ਜੇਲ੍ਹ ਬਣਾਈ ਜਾ ਰਹੀ ਹੈ, ਜੋ ਅਗਲੇ ਸਾਲ ਤੱਕ ਮੁਕੰਮਲ ਹੋ ਜਾਵੇਗੀ। ਇੰਨ-ਸਰਵਿਸ ਟ੍ਰੇਨਿੰਗ ਸੈਂਟਰ ਕਪੂਰਥਲਾ ਵਿਖੇ ਪੰਜਾਬ ਜੇਲ੍ਹ ਵਿਭਾਗ ਦੇ 173 ਵਾਰਡਨ ਤੇ 6 ਮੈਟਰਨ ਦੀ ਪਾਸਿੰਗ ਆਊਟ ਪਰੇਡ ਮੌਕੇ ਸੰਬੋਧਨ ਕਰਦਿਆਂ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਜੇਲ੍ਹਾਂ ਦੀ ਸੁਰੱਖਿਆ ਨਾਲ ਬੰਦੀਆਂ ਨੂੰ ਜੇਲ੍ਹਾਂ ਵਿਚ ਰੋਜ਼ਗਾਰ ਦੇ ਕੇ ਉਨ੍ਹਾਂ ਨੂੰ ਸਮਾਜ ਦੀ ਆਰਥਿਕ ਤਰੱਕੀ ਵਿਚ ਭਾਗੀਦਾਰ ਬਣਾਉਣ ਲਈ ਅਨੇਕਾਂ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ 13 ਜੇਲ੍ਹਾਂ ਅੰਦਰ ਮੋਬਾਈਲ ਫੋਨਾਂ ਦੀ ਵਰਤੋਂ ਰੋਕਣ ਲਈ ਮੋਬਾਈਲ ਜੈਮਰ ਲਗਾਏ ਜਾ ਰਹੇ ਹਨ।
ਕੈਬਨਿਟ ਮੰਤਰੀ ਨੇ ਇਹ ਵੀ ਦੱਸਿਆ ਕਿ ਜੇਲ੍ਹ ਵਿਭਾਗ ਦੀ ਆਮਦਨ ਵਿਚ ਵਾਧਾ ਕਰਨ ਤੇ ਬੰਦੀਆਂ ਨੂੰ ਉਨ੍ਹਾਂ ਦੇ ਹੁਨਰ ਮੁਤਾਬਕ ਕੰਮ ਦੇਣ ਲਈ “ਪੰਜਾਬ ਪਰੀਜ਼ਨ ਡਿਵੈੱਲਪਮੈਂਟ ਬੋਰਡ “ਅਧੀਨ 12 ਜੇਲ੍ਹਾਂ ਜੋ ਕਿ ਮੁੱਖ ਸੜਕਾਂ ਉੱਪਰ ਹਨ। ਉਨ੍ਹਾਂ 'ਤੇ ਪੈਟਰੋਲ ਪੰਪ ਲਗਾਉਣ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ 6 ਜੇਲ੍ਹਾਂ ਵਿਚ ਪੈਟਰੋਲ ਪੰਪ ਚਾਲੂ ਹੋ ਚੁੱਕੇ ਹਨ, ਜਦਕਿ 2 ਜੇਲ੍ਹਾਂ ਵਿਚ ਜਲਦੀ ਪੈਟਰੋਲ ਪੰਪ ਚਾਲੂ ਕੀਤੇ ਜਾਣਗੇ। ਪੰਜਾਬ ਸਰਕਾਰ ਵਲੋਂ ਪਾਰਦਰਸ਼ੀ ਭਰਤੀ ਨੂੰ ਤਰਜੀਹੀ ਖੇਤਰ ਦੱਸਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਜੇਲ੍ਹ ਵਿਭਾਗ ਵਿਚ 13 ਡੀ.ਐਸ.ਪੀ., 175 ਵਾਰਡਨ ਤੇ 4 ਮੈਟਰਨਾਂ ਦੀ ਹੋਰ ਭਰਤੀ ਜਲਦੀ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕੈਦੀਆਂ ਦੇ ਸੁਧਾਰ ਲਈ ਜੇਲ੍ਹਾਂ ਵਿਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੇ ਨਾਲ ਬੰਦੀਆਂ ਨੂੰ ਨਵੇਂ ਕਿੱਤਾ-ਮੁਖੀ ਕੋਰਸ ਕਰਵਾਉਣ ਤੇ ਖੇਡਾਂ ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਲ੍ਹਾਂ ਵਿਚ ਬੇਕਰੀ ਉਤਪਾਦਾਂ ਲਈ ਕੈਦੀਆਂ ਨੂੰ ਵਿਸ਼ੇਸ਼ ਤੌਰ ’ਤੇ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਸਮਾਜ ਦੀ ਤਰੱਕੀ ਵਿਚ ਹਿੱਸੇਦਾਰ ਬਣ ਸਕਣ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਵੱਲੋਂ ਪਰੇਡ ਦਾ ਨਿਰੀਖਣ ਵੀ ਕੀਤਾ ਗਿਆ। ਉਨ੍ਹਾਂ ਸਿਖਲਾਈ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਕੈਡਿਟਾਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਵਧੀਕ ਡੀ.ਜੀ.ਪੀ. ਜੇਲ੍ਹਾਂ ਅਰੁਣਪਾਲ ਸਿੰਘ, ਆਈ.ਜੀ.ਸੁਖਮਿੰਦਰ ਸਿੰਘ ਮਾਨ, ਆਈ.ਜੀ. ਆਰ.ਕੇ. ਅਰੋੜਾ, ਕਮਾਂਡੈਂਟ ਪਰਮਿੰਦਰ ਸਿੰਘ ਭੰਡਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਿੰਦਰਪਾਲ ਸਿੰਘ ਬਾਜਵਾ, ਕੰਵਰ ਇਕਬਾਲ ਸਿੰਘ ਮੈਂਬਰ ਪੰਜਾਬ ਸਟੇਟ ਕਾਊਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਤੇ ਆਮ ਆਦਮੀ ਪਾਰਟੀ ਦੇ ਸੰਯੁਕਤ ਸਕੱਤਰ ਪਰਵਿੰਦਰ ਸਿੰਘ ਢੋਟ ਤੇ ਪਾਸਿੰਗ ਆਊਟ ਹੋਣ ਵਾਲੇ ਕਰਮਚਾਰੀਆਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।