ਨਿਊਜ਼ ਡੈਸਕ : ਦੋਰਾਹਾ ਸ਼ਹਿਰ ਨੇੜੇ ਜੀਟੀ ਰੋਡ ’ਤੇ ਵਾਪਰੇ ਇਕ ਭਿਆਨਕ ਸੜਕ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਤਿੰਨ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਥਾਣਾ ਦੋਰਾਹਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨਵਨੀਤ ਸਿੰਘ ਲੱਕੀ ਵਾਸੀ ਕੋਟ ਮੰਗਲ ਸਿੰਘ ਨੇੜੇ ਜਨਤਾ ਨਗਰ ਲੁਧਿਆਣਾ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਸਾਹਿਲ ਗਰੋਵਰ, ਅਮਨਦੀਪ ਸਿੰਘ, ਪਰਮੀਤ ਸਿੰਘ ਪੀਤੂ ਤੇ ਗਗਨਦੀਪ ਸਿੰਘ (ਸਾਰੇ ਵਾਸੀ ਕੋਟ ਮੰਗਲ ਸਿੰਘ) ਨਾਲ ਸਵਿਫ਼ਟ ਕਾਰ ਰਾਹੀਂ ਲੁਧਿਆਣਾ ਤੋਂ ਫ਼ਨਸਿਟੀ ਚੰਡੀਗੜ੍ਹ ਵਿਖੇ ਗਏ ਅਤੇ ਜਦੋਂ ਉਹ ਰਾਤ ਨੂੰ ਵਾਪਸ ਰਾਜਪੁਰਾ, ਖੰਨਾ ਤੋਂ ਹੁੰਦੇ ਹੋਏ ਦੋਰਾਹਾ ਜੀਟੀ ਰੋਡ ’ਤੇ ਜਾ ਰਹੇ ਸਨ ਤਾਂ ਸੜਕ ਵਿਚਕਾਰ ਬਿਨਾਂ ਇੰਡੀਕੇਟਰਾਂ ਤੋਂ ਇਕ ਗੱਡੀ ਖੜ੍ਹੀ ਸੀ, ਜਿਸ ਨਾਲ ਉਨ੍ਹਾਂ ਦੀ ਕਾਰ ਟਕਰਾ ਗਈ।
ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਚਾਲਕ ਸਾਹਿਲ ਗਰੋਵਰ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਕਾਰ ’ਚ ਸਵਾਰ ਦੂਸਰੇ ਵਿਅਕਤੀਆਂ ਅਮਨਦੀਪ ਸਿੰਘ, ਨਵਨੀਤ ਸਿੰਘ ਲੱਕੀ, ਪਰਮੀਤ ਸਿੰਘ ਪੀਤੂ ਅਤੇ ਗਗਨਦੀਪ ਸਿੰਘ ਨੂੰ ਜ਼ਖ਼ਮੀ ਹਾਲਤ ਵਿਚ ਵੱਖ-ਵੱਖ ਹਸਪਤਾਲਾਂ ’ਚ ਦਾਖਲ ਕਰਵਾਇਆ, ਜਿੱਥੇ ਗਗਨਦੀਪ ਸਿੰਘ ਵੀ ਦਮ ਤੋੜ ਗਿਆ। ਦੋਰਾਹਾ ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ ਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲੁਧਿਆਣਾ ਭੇਜ ਦਿੱਤਾ ਗਿਆ ਹੈ।