ਕਾਬੁਲ (ਦੇਵ ਇੰਦਰਜੀਤ) : ਦੋ ਆਤਮਘਾਤੀ ਹਮਲਾਵਰਾਂ ਤੇ ਇੱਕ ਗੰਨਮੈਨ ਨੇ ਵੀਰਵਾਰ ਨੂੰ ਕਾਬੁਲ ਏਅਰਪੋਰਟ ਦੇ ਬਾਹਰ ਇੱਕਠੀ ਹੋਈ ਲੋਕਾਂ ਦੀ ਭੀੜ ਉੱਤੇ ਹਮਲਾ ਕਰਕੇ 73 ਵਿਅਕਤੀਆਂ ਦੀ ਜਾਨ ਲੈ ਲਈ ਤੇ 140 ਹੋਰ ਜ਼ਖ਼ਮੀ ਹੋ ਗਏ। ਇਸ ਹਮਲੇ ਵਿੱਚ ਮਰਨ ਵਾਲਿਆਂ ਵਿੱਚ 60 ਅਫਗਾਨੀ ਤੇ 13 ਅਮਰੀਕੀ ਸੈਨਿਕ ਸ਼ਾਮਲ ਹਨ। ਇਹ ਜਾਣਕਾਰੀ ਅਫਗਾਨੀ ਤੇ ਅਮਰੀਕੀ ਅਧਿਕਾਰੀਆਂ ਨੇ ਦਿੱਤੀ। ਤਾਲਿਬਾਨ ਵੱਲੋਂ ਅਫਗਾਨਿਸਤਾਨ ਉੱਤੇ ਮੁੜ ਕਬਜਾ ਕਰਨ ਤੋਂ ਬਾਅਦ ਇੱਥੋਂ ਬਚ ਨਿਕਲਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਕਾਬੁਲ ਏਅਰਪੋਰਟ ਦੇ ਬਾਹਰ ਜੁਟੇ ਹੋਏ ਸਨ।
ਅਫਗਾਨਿਸਤਾਨ ਛੱਡ ਕੇ ਜਾਣ ਦੇ ਮਾਮਲੇ ਦੀ ਨਿਗਰਾਨੀ ਕਰ ਰਹੇ ਅਮਰੀਕੀ ਜਨਰਲ ਨੇ ਆਖਿਆ ਕਿ ਇਸ ਤਰ੍ਹਾਂ ਦੇ ਹਮਲੇ ਅਮੈਰੀਕਨਜ਼ ਤੇ ਹੋਰਨਾਂ ਲੋਕਾਂ ਨੂੰ ਇੱਥੋਂ ਕੱਢ ਕੇ ਲਿਜਾਣ ਦੀਆਂ ਸਾਡੀਆਂ ਕੋਸਿ਼ਸ਼ਾਂ ਨੂੰ ਰੋਕ ਨਹੀਂ ਸਕਦੇੇ। ਇੱਥੋਂ ਬਾਹਰ ਜਾਣ ਲਈ ਉਡਾਨਾਂ ਜਾਰੀ ਰਹਿਣਗੀਆਂ। ਯੂਐਸ ਸੈਂਟਰਲ ਕਮਾਂਡ ਦੇ ਹੈੱਡ ਜਨਰਲ ਫਰੈਂਕ ਮੈਕੈਂਜ਼ੀ ਨੇ ਆਖਿਆ ਕਿ ਏਅਰਪੋਰਟ ਉੱਤੇ ਵੱਡੇ ਪੱਧਰ ਉੱਤੇ ਸਕਿਊਰਿਟੀ ਪ੍ਰਬੰਧ ਹਨ ਤੇ ਲੋਕਾਂ ਨੂੰ ਬਦਲਵੇਂ ਰੂਟਾਂ ਰਾਹੀਂ ਏਅਰਪੋਰਟ ਉੱਤੇ ਲਿਜਾਇਆ ਜਾ ਰਿਹਾ ਹੈ। ਮੈਕੈਂਜ਼ੀ ਨੇ ਆਖਿਆ ਕਿ ਅਜੇ ਵੀ 5000 ਲੋਕ ਏਅਰਫੀਲਡ ਉੱਤੇ ਫਲਾਈਟਸ ਦੀ ਉਡੀਕ ਕਰ ਰਹੇ ਹਨ।
ਵੈਸਟਰਨ ਅਧਿਕਾਰੀਆਂ ਵੱਲੋਂ ਹਮਲਾ ਹੋਣ ਦੀ ਚੇਤਾਵਨੀ ਦਿੱਤੇ ਜਾਣ ਤੋਂ ਕਈ ਘੰਟੇ ਬਾਅਦ ਇਹ ਧਮਾਕੇ ਹੋਏ। ਚੇਤਾਵਨੀ ਦੇ ਚੱਲਦਿਆਂ ਲੋਕਾਂ ਨੂੰ ਏਅਰਪੋਰਟ ਛੱਡ ਕੇ ਜਾਣ ਲਈ ਵੀ ਆਖਿਆ ਗਿਆ ਸੀ। ਪਰ ਦੇਸ਼ ਛੱਡ ਕੇ ਜਾਣ ਲਈ ਤਿਆਰ ਬੈਠੇ ਲੋਕਾਂ ਉੱਤੇ ਉਸ ਚੇਤਾਵਨੀ ਦਾ ਕੋਈ ਅਸਰ ਨਹੀਂ ਹੋਇਆ।ਇਸ ਦੌਰਾਨ ਅਮਾਕ ਨਿਊਜ਼ ਚੈਨਲ ਉੱਤੇ ਇਸ ਹਮਲੇ ਦੀ ਜਿ਼ੰਮੇਵਾਰੀ ਇਸਲਾਮਿਕ ਸਟੇਟ ਗਰੁੱਪ ਵੱਲੋਂ ਲਈ ਗਈ ਹੈ। ਅਫਗਾਨਿਸਤਾਨ ਵਿੱਚ ਮੌਜੂਦ ਆਈਐਸ ਤਾਲਿਬਾਨ ਨਾਲੋਂ ਵੀ ਕਿਤੇ ਜਿ਼ਆਦਾ ਇੰਤਿਹਾਪਸੰਦ ਹੈ, ਇਸੇ ਵੱਲੋਂ ਹੀ ਦੇਸ਼ ਦਾ ਨਿਯੰਤਰਣ ਹਥਿਆਇਆ ਗਿਆ ਹੈ। ਇਨ੍ਹਾਂ ਹਮਲਿਆਂ ਵਿੱਚ ਤਾਲਿਬਾਨ ਦੇ ਸ਼ਾਮਲ ਹੋਣ ਦੀ ਉਮੀਦ ਨਹੀਂ ਹੈ ਸਗੋਂ ਤਾਲਿਬਾਨ ਵੱਲੋਂ ਹਮਲਿਆਂ ਦੀ ਨਿਖੇਧੀ ਕੀਤੀ ਗਈ ਹੈ।
ਇਸ ਦੌਰਾਨ ਵਾੲ੍ਹੀਟ ਹਾਊਸ ਤੋਂ ਭਾਵੁਕ ਭਾਸ਼ਣ ਦਿੰਦਿਆਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਆਖਿਆ ਕਿ ਇਹ ਤਾਜ਼ਾ ਖੂਨ ਖਰਾਬਾ ਅਮਰੀਕਾ ਨੂੰ ਨਿਰਧਾਰਤ ਸਮੇਂ ਤੋਂ ਪਹਿਲਾਂ ਅਫਗਾਨਿਸਤਾਨ ਤੋਂ ਬਾਹਰ ਆਉਣ ਲਈ ਮਜਬੂਰ ਨਹੀਂ ਕਰ ਸਕਦਾ।ਉਨ੍ਹਾਂ ਇਹ ਵੀ ਆਖਿਆ ਕਿ ਉਨ੍ਹਾਂ ਵੱਲੋਂ ਅਮਰੀਕੀ ਫੌਜ ਨੂੰ ਆਈਐਸਆਈਐਸ ਉੱਤੇ ਹਮਲਾ ਕਰਨ ਲਈ ਪਲੈਨ ਤਿਆਰ ਕਰਨ ਦੀ ਹਦਾਇਤ ਵੀ ਦੇ ਦਿੱਤੀ ਹੈ।
ਇਸ ਤੋਂ ਪਹਿਲਾਂ ਪ੍ਰਾਪਤ ਜਾਣਕਾਰੀ ਅਨੁਸਾਰ ਕਈ ਦੇਸ਼ਾਂ ਵੱਲੋਂ ਲੋਕਾਂ ਨੂੰ ਏਅਰਪੋਰਟ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਸੀ ਕਿਉਂਕਿ ਆਤਮਘਾਤੀ ਹਮਲੇ ਦੀ ਧਮਕੀ ਮਿਲੀ ਹੋਈ ਸੀ। ਪਰ ਕੁੱਝ ਦੇਸ਼ਾਂ ਵੱਲੋਂ ਅਫਗਾਨਿਸਤਾਨ ਛੱਡ ਕੇ ਜਾਣ ਦੀਆਂ ਕੋਸਿ਼ਸ਼ਾਂ ਆਖਰੀ ਚਰਣ ਵਿੱਚ ਸਨ, ਜਿਸ ਕਾਰਨ ਪਿੱਛੇ ਬਚੇ ਲੋਕ ਡਰਦੇ ਮਾਰੇ ਛੇਤੀ ਤੋਂ ਛੇਤੀ ਦੇਸ਼ ਛੱਡ ਕੇ ਜਾਣ ਲਈ ਏਅਰਪੋਰਟ ਦੇ ਕੋਲ ਇੱਕਠੇ ਹੋਣ ਲੱਗੇ ਸਨ। ਬ੍ਰਿਟਿਸ਼ ਆਰਮਡ ਫੋਰਸਿਜ਼ ਮੰਤਰੀ ਜੇਮਜ਼ ਹੀਪੇਅ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਕੁੱਝ ਘੰਟਿਆਂ ਵਿੱਚ ਹੀ ਏਅਰਪੋਰਟ ਉੱਤੇ ਹਮਲਾ ਹੋਣ ਦੀ ਜਾਣਕਾਰੀ ਮਿਲੀ ਸੀ।
ਬੈਲਜੀਅਮ ਦੇ ਪ੍ਰਧਾਨ ਮੰਤਰੀ ਅਲੈਗਜੈ਼ਂਡਰ ਡੀ ਕਰੂ ਨੇ ਵੀ ਆਖਿਆ ਕਿ ਅਮਰੀਕਾ ਕੋਲੋਂ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਆਤਮਘਾਤੀ ਹਮਲੇ ਦੀ ਜਾਣਕਾਰੀ ਮਿਲ ਗਈ ਸੀ।ਬੁੱਧਵਾਰ ਨੂੰ ਅਮਰੀਕੀ ਅੰਬੈਸੀ ਨੇ ਆਪਣੇ ਨਾਗਰਿਕਾਂ ਨੂੰ ਇਹ ਚੇਤਾਵਨੀ ਦਿੱਤੀ ਸੀ ਕਿ ਏਅਰਪੋਰਟ ਦੇ ਤਿੰਨਾਂ ਗੇਟਾਂ ਤੋਂ ਪਾਸੇ ਰਿਹਾ ਜਾਵੇ ਕਿਉਂਕਿ ਉਨ੍ਹਾਂ ਨੂੰ ਸਕਿਊਰਿਟੀ ਸਬੰਧੀ ਧਮਕੀ ਮਿਲੀ ਸੀ। ਇਸੇ ਤਰ੍ਹਾਂ ਬ੍ਰਿਟੇਨ, ਨਿਊਜ਼ੀਲੈਂਡ ਨੇ ਵੀ ਆਪਣੇ ਨਾਗਰਿਕਾਂ ਨੂੰ ਏਅਰਪੋਰਟ ਨਾ ਜਾਣ ਲਈ ਆਖਿਆ ਸੀ।