ਲਸ਼ਕਰ ਕਮਾਂਡਰ ਸਮੇਤ ਦੋ ਅੱਤਵਾਦੀ ਜੰਮੂ-ਕਸ਼ਮੀਰ ਦੇ ਸ਼ੋਪੀਆਂ ’ਚ ਢੇਰ

by vikramsehajpal

ਸ਼ੋਪੀਆਂ (ਦੇਵ ਇੰਦਰਜੀਤ) : ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਸੁਰੱਖਿਆ ਦਸਤਿਆਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ਵਿਚ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਸਮੇਤ ਦੋ ਅੱਤਵਾਦੀ ਮਾਰੇ ਗਏ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਦੀ ਖ਼ੁਫੀਆ ਜਾਣਕਾਰੀ ਮਿਲਣ ਮਗਰੋਂ ਸੁਰੱਖਿਆ ਦਸਤਿਆਂ ਨੇ ਐਤਵਾਰ ਨੂੰ ਦੱਖਣੀ ਕਸ਼ਮੀਰ ਦੇ ਚੇਕ ਸਾਦਿਕ ਖਾਨ ਇਲਾਕੇ ’ਚ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਅੱਤਵਾਦੀਆਂ ਦੇ ਸੁਰੱਖਿਆ ਦਸਤਿਆਂ ’ਤੇ ਗੋਲੀਆਂ ਚਲਾਉਣ ਨਾਲ ਮੁਹਿੰਮ ਮੁਕਾਬਲੇ ’ਚ ਤਬਦੀਲ ਹੋ ਗਈ।

ਅਧਿਕਾਰੀ ਮੁਤਾਬਕ ਸੁਰੱਖਿਆ ਦਸਤਿਆਂ ਨੇ ਵੀ ਗੋਲੀਬਾਰੀ ਦਾ ਮੂੰਹ ਤੋੜ ਜਵਾਬ ਦਿੱਤਾ, ਜਿਸ ’ਚ ਦੋ ਅੱਤਵਾਦੀ ਮਾਰੇ ਗਏ। ਪੁਲਸ ਜਨਰਲ ਡਾਇਰੈਕਟਰ (ਡੀ. ਜੀ. ਪੀ.) ਦਿਲਬਾਗ ਸਿੰਘ ਨੇ ਦੱਸਿਆ ਕਿ ਇਕ ਅੱਤਵਾਦੀ ਦੀ ਪਹਿਚਾਣ ਲਸ਼ਕਰ-ਏ-ਤੋਇਬਾ ਕਮਾਂਡਰ ਇਸ਼ਫਾਕ ਡਾਰ ਉਰਫ ਅਬੂ ਅਕਰਮ ਦੇ ਤੌਰ ’ਤੇ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸਾਲ 2017 ਤੋਂ ਪੁਲਸ, ਸੁਰੱਖਿਆ ਦਸਤਿਆਂ ਅਤੇ ਨਾਗਰਿਕਾਂ ਦੇ ਕਤਲ ਸਮੇਤ ਕਈ ਅੱਤਵਾਦੀ ਘਟਨਾਵਾਂ ਵਿਚ ਉਸ ਦੀ ਸ਼ਮੂਲੀਅਤ ਰਹੀ ਹੈ। ਦੂਜੇ ਅੱਤਵਾਦੀਆਂ ਦੀ ਪਹਿਚਾਣ ਮਾਜਿਦ ਇਕਬਾਲ ਦੇ ਤੌਰ ’ਤੇ ਹੋਈ ਹੈ। ਜੰਮੂ-ਕਸ਼ਮੀਰ ਪੁਲਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੂਰੀ ਰਾਤ ਚਲੀ ਮੁਹਿੰਮ ਹੁਣ ਖ਼ਤਮ ਹੋ ਚੁੱਕੀ ਹੈ। ਉੱਥੇ ਹੀ ਫ਼ੌਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੁਕਾਬਲੇ ਵਾਲੀ ਥਾਂ ਤੋਂ ਦੋ ਏ.ਕੇ ਰਾਈਫ਼ਲਾਂ ਅਤੇ 8 ਮੈਗਜੀਨ ਬਰਾਮਦ ਹੋਈਆਂ ਹਨ।