ਦਿੱਲੀ (ਦੇਵ ਇੰਦਰਜੀਤ) : ਟਵਿੱਟਰ ਨੇ ਦਿੱਲੀ ਹਾਈ ਕੋਰਟ ਦੇ ਸਾਹਮਣੇ ਕਬੂਲਿਆ ਹੈ ਕਿ ਉਸ ਨੇ ਨਵੇਂ ਆਈ.ਟੀ. ਨਿਯਮਾਂ ਦਾ ਪਾਲਨ ਨਹੀਂ ਕੀਤਾ। ਇਸ ’ਤੇ ਦਿੱਲੀ ਹਾਈ ਕੋਰਟ ਨੇ ਟਵਿੱਟਰ ਨੂੰ ਫਟਕਾਰ ਲਗਾਉਂਦੇ ਹੋਏ ਪੁੱਛਿਆ ਕਿ ਸ਼ਿਕਾਇਤ ਅਧਿਕਾਰੀ ਦੀ ਨਿਯੁਕਤੀ ’ਚ ਕਿੰਨਾ ਸਮਾਂ ਲੱਗੇਗਾ? ਜੇਕਰ ਟਵਿੱਟਰ ਨੂੰ ਲਗਦਾ ਹੈ ਕਿ ਉਹ ਆਪਣੀ ਮਰਜ਼ੀ ਨਾਲ ਜਿੰਨਾ ਸਮਾਂ ਲੈਣਾ ਚਾਹੁੰਦਾ ਹੈ, ਲੈ ਸਕਦਾ ਹੈ ਤਾਂ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ।
ਕੋਰਟ ਨੇ ਟਵਿੱਟਰ ਦੇ ਵਕੀਲ ਨੂੰ ਕਿਹਾ ਕਿ ਸੁਣਵਾਈ ਦੀ ਅਗਲੀ ਤਾਰੀਖ਼ 8 ਜੁਲਾਈ ਤਕ ਕੋਰਟ ਨੂੰ ਦੱਸੋ ਨਹੀਂਤਾਂ ਤੁਹਾਡੇ ਲਈ ਮੁਸ਼ਕਿਲ ਹੋਵੇਗੀ। ਤੁਸੀਂ ਸਾਨੂੰ ਟਵਿੱਟਰ ਤੋਂ ਪੁੱਛ ਕੇ ਦੱਸੋ ਕਿ ਸ਼ਿਕਾਇਤ ਅਧਿਕਾਰੀ ਦੀ ਨਿਯੁਕਤੀ ’ਚ ਕਿੰਨਾ ਸਮਾਂ ਲੱਗੇਗਾ। ਦਰਅਸਲ, ਟਵਿੱਟਰ ਖਿਲਾਫ ਦਿੱਲੀ ਹਾਈ ਕੋਰਟ ’ਚ ਅਮਿਤ ਅਚਾਰੀਆ ਨੇ ਸ਼ਿਕਾਇਤ ਦਰਜ ਕਰਵਾਈ ਸੀ।
ਇਸੇ ਪਟੀਸ਼ਨ ’ਤੇ ਸੁਣਵਾਈ ਦੌਰਾਨ ਕੋਰਟ ਨੇ ਕੇਂਦਰ ਤੋਂ ਪੁੱਛਿਆ ਕਿ ਕੀ ਟਵਿੱਟਰ ਨਿਯਮਾਂ ਦਾ ਉਲੰਘਣ ਕਰ ਰਿਹਾ ਹੈ ਤਾਂ ਇਸ ’ਤੇ ਕੇਂਦਰ ਨੇ ਹਾਂ ’ਚ ਜਵਾਬ ਦਿੱਤਾ। ਇਸ ਤੋਂ ਬਾਅਦ ਟਵਿੱਟਰ ਦੇ ਵਕੀਲ ਸੱਜਨ ਪੁਵੈਆ ਨੇ ਵੀ ਮੰਨਿਆ ਕਿ ਅਸੀਂ ਆਈ.ਟੀ. ਨਿਯਮਾਂ ਦਾ ਪਾਲਨ ਨਹੀਂ ਕੀਤਾ। ਇਸ ’ਤੇ ਦਿੱਲੀ ਹਾਈਟ ਕੋਰਟ ਨੇ ਟਵਿੱਟਰ ਨੂੰ ਦੋ ਟੁੱਕ ’ਚ ਕਿਹਾ ਕਿ ਅਗਲੀ ਸੁਣਵਾਈ ’ਤੇ ਸਪਸ਼ਟ ਜਵਾਬ ਲਿਆਓ, ਨਹੀਂ ਤਾਂ ਤੁਹਾਡੇ ਲਈ ਪਰੇਸ਼ਾਨੀ ਵਧ ਜਾਵੇਗੀ।