ਨਿਊਜ਼ ਡੈਸਕ : ਦੁਨੀਆ ਦੇ ਸਭ ਤੋਂ ਅਮੀਰ ਆਦਮੀ Elon musk ਵੱਲੋਂ ਟਵਿੱਟਰ ਨੂੰ ਖ਼ਰੀਦਣ ਤੋਂ ਬਾਅਦ ਕੰਪਨੀ ਦੇ ਸੀਈਓ ਪਰਾਗ ਅਗਰਵਾਲ ਨੇ ਚਿੰਤਤ ਮੁਲਾਜ਼ਮਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ 44 ਅਰਬ ਡਾਲਰ ਦੇ ਵੱਡੇ ਸੌਦੇ ਤੋਂ ਬਾਅਦ ਇਹ ਕੰਪਨੀ ਕਿਸ ਦਿਸ਼ਾ 'ਚ ਜਾਵੇਗੀ। ਉਨ੍ਹਾਂ ਅਮਰੀਕੀ ਸਮੇਂ ਮੁਤਾਬਕ ਸੋਮਵਾਰ ਦੁਪਹਿਰ ਨੂੰ ਕੰਪਨੀ ਦੇ ਮੁਲਾਜ਼ਮਾਂ ਨਾਲ ਇਕ ਬੈਠਕ 'ਚ ਇਹ ਗੱਲ ਕਹੀ। ਅਗਰਵਾਲ ਨੇ ਸਿਰਫ਼ ਪੰਜ ਮਹੀਨੇ ਪਹਿਲਾਂ ਹੀ ਟਵਿੱਟਰ ਦੀ ਕਮਾਨ ਸੰਭਾਲੀ ਹੈ। ਟਵਿੱਟਰ ਦੇ ਬੋਰਡ ਨੇ ਮਸਕ ਦੀ ਲਗਪਗ 44 ਅਰਬ ਡਾਲਰ ਦੀ ਐਕੁਆਇਰ ਬੋਲੀ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤੋਂ ਬਾਅਦ ਉਹ ਇੰਟਰਨੈੱਟ ਮੀਡੀਆ ਪਲੇਟਫਾਰਮ ਦੇ ਮਾਲਕ ਬਣਨ ਦੇ ਬੇਹੱਦ ਨਜ਼ਦੀਕ ਪਹੁੰਚ ਗਏ ਹਨ। ਇਸ ਸੌਦੇ 'ਤੇ ਹਾਲੇ ਸ਼ੇਅਰ ਹੋਲਡਰਾਂ ਤੇ ਅਮਰੀਕੀ ਰੈਗੂਲੇਟਰੀਆਂ ਦੀ ਮਨਜ਼ੂਰੀ ਲਈ ਜਾਣੀ ਬਾਕੀ ਹੈ।
ਨਿੱਜੀ ਨਿਊਜ਼ ਏਜੰਸੀ ਮੁਤਾਬਿਕ ਪਰਾਗ ਨੇ ਮੁਲਾਜ਼ਮਾਂ ਨੂੰ ਕਿਹਾ, 'ਇਸ ਸਮੇਂ ਜੋ ਕੁਝ ਵੀ ਵਾਪਰ ਰਿਹਾ ਹੈ, ਉਸ ਨੂੰ ਲੈ ਕੇ ਸਭ ਦੀਆਂ ਵੱਖ-ਵੱਖ ਭਾਵਨਾਵਾਂ ਹਨ। ਮੇਰਾ ਅਨੁਮਾਨ ਹੈ ਕਿ ਸੌਦੇ ਨੂੰ ਪੂਰਾ ਹੋਣ 'ਚ ਤਿੰਨ ਤੋਂ ਛੇ ਮਹੀਨੇ ਲੱਗਣਗੇ। ਇਸ ਸਮੇਂ ਜਿਵੇਂ ਅਸੀਂ ਟਵਿੱਟਰ ਚਲਾਉਂਦੇ ਹਾਂ ਉਸੇ ਤਰ੍ਹਾਂ ਕੰਮ ਕਰਦੇ ਰਹਾਂਗੇ। ਅਗਰਵਾਲ ਨੇ ਕਿਹਾ ਕਿ ਕੰਪਨੀ ਦੀ ਕਮਾਨ ਮਸਕ ਦੇ ਹੱਥਾਂ 'ਚ ਜਾਣ ਤੋਂ ਬਾਅਦ ਵੀ ਮੁਲਜ਼ਮਾਂ ਨੂੰ ਮਿਲਣ ਵਾਲੀ ਤਨਖ਼ਾਹ 'ਚ ਕਿਸੇ ਤਰ੍ਹਾਂ ਦਾ ਕੋਈ ਵੱਡਾ ਫ਼ਰਕ ਨਹੀਂ ਆਵੇਗਾ। ਹਾਲਾਂਕਿ ਉਨ੍ਹਾਂ ਟਵਿੱਟਰ ਦੀਆਂ ਨੀਤੀਆਂ ਤੇ ਕੰਮ ਕਰਨ ਦੀ ਸੰਸਕ੍ਰਿਤੀ ਨਾ ਬਦਲੇ ਜਾਣ 'ਤੇ ਕਿਸੇ ਤਰ੍ਹਾਂ ਦਾ ਭਰੋਸਾ ਨਹੀਂ ਦਿੱਤਾ।