ਕੇਰਲ (ਨੇਹਾ): ਕੇਰਲ ਦੇ ਤਿਰੂਵਨੰਤਪੁਰਮ ਦੀ ਵਿਸ਼ੇਸ਼ ਫਾਸਟ-ਟਰੈਕ ਅਦਾਲਤ ਨੇ ਮੰਗਲਵਾਰ ਨੂੰ ਇਕ ਅਧਿਆਪਕ (ਟਿਊਸ਼ਨ ਟੀਚਰ) ਨੂੰ ਪੰਜ ਸਾਲ ਪਹਿਲਾਂ 11ਵੀਂ ਜਮਾਤ ਦੀ ਵਿਦਿਆਰਥਣ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿਚ 111 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਅਤੇ 1.05 ਰੁਪਏ ਜੁਰਮਾਨਾ ਵੀ ਲਗਾਇਆ। ਅਦਾਲਤ ਦੇ ਹੁਕਮਾਂ ਮੁਤਾਬਕ ਜੇਕਰ ਦੋਸ਼ੀ ਮਨੋਜ (44) ਜੁਰਮਾਨਾ ਅਦਾ ਕਰਨ ਤੋਂ ਅਸਮਰੱਥ ਰਹਿੰਦਾ ਹੈ ਤਾਂ ਉਸ ਨੂੰ ਇਕ ਸਾਲ ਹੋਰ ਕੈਦ ਕੱਟਣੀ ਪਵੇਗੀ। ਜਦੋਂ ਮਨੋਜ ਦੀ ਪਤਨੀ ਨੂੰ ਪਤਾ ਲੱਗਾ ਕਿ ਉਸ ਦੇ ਪਤੀ ਨੇ ਨਾਬਾਲਗ ਨਾਲ ਬਲਾਤਕਾਰ ਕੀਤਾ ਹੈ ਤਾਂ ਉਸ ਨੇ ਖੁਦਕੁਸ਼ੀ ਕਰ ਲਈ। ਜੱਜ ਆਰ ਰੇਖਾ ਨੇ ਆਪਣੇ ਫੈਸਲੇ 'ਚ ਕਿਹਾ ਕਿ ਮਨੋਜ 'ਤੇ ਕੋਈ ਰਹਿਮ ਨਹੀਂ ਕੀਤਾ ਜਾ ਸਕਦਾ। ਇਹ ਘਟਨਾ 2 ਜੁਲਾਈ 2019 ਦੀ ਹੈ। ਇਸਤਗਾਸਾ ਪੱਖ ਅਨੁਸਾਰ ਦੋਸ਼ੀ ਮਨੋਜ ਸਰਕਾਰੀ ਮੁਲਾਜ਼ਮ ਹੈ ਅਤੇ ਉਹ ਆਪਣੇ ਘਰ ਟਿਊਸ਼ਨ ਪੜ੍ਹਾਉਂਦਾ ਸੀ। ਮਨੋਜ ਨੇ ਵਿਦਿਆਰਥਣ ਨੂੰ ਸਪੈਸ਼ਲ ਕਲਾਸ ਦੇ ਬਹਾਨੇ ਆਪਣੇ ਘਰ ਬੁਲਾ ਕੇ ਉਸ ਨਾਲ ਬਲਾਤਕਾਰ ਕੀਤਾ ਅਤੇ ਆਪਣੇ ਮੋਬਾਈਲ ਨਾਲ ਉਸ ਦੀਆਂ ਇਤਰਾਜ਼ਯੋਗ ਤਸਵੀਰਾਂ ਵੀ ਖਿੱਚ ਲਈਆਂ।
ਬਲਾਤਕਾਰ ਦੀ ਘਟਨਾ ਤੋਂ ਬਾਅਦ ਲੜਕੀ ਕਾਫੀ ਡਰੀ ਹੋਈ ਸੀ ਅਤੇ ਉਸ ਨੇ ਟਿਊਸ਼ਨ ਲਈ ਆਉਣਾ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਮੁਲਜ਼ਮ ਨੇ ਤਸਵੀਰਾਂ ਵਾਇਰਲ ਕਰ ਦਿੱਤੀਆਂ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਬੱਚੇ ਦੇ ਪਰਿਵਾਰ ਵਾਲਿਆਂ ਨੇ ਫੋਰਟ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਮਨੋਜ ਨੂੰ ਗ੍ਰਿਫਤਾਰ ਕਰਕੇ ਉਸ ਦਾ ਫੋਨ ਜ਼ਬਤ ਕਰ ਲਿਆ ਅਤੇ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ, ਜਿਸ ਤੋਂ ਬਾਅਦ ਫੋਨ 'ਚ ਨਾਬਾਲਗ ਪੀੜਤਾ ਦੀਆਂ ਇਤਰਾਜ਼ਯੋਗ ਤਸਵੀਰਾਂ ਮਿਲੀਆਂ। ਦੂਜੇ ਪਾਸੇ ਮਨੋਜ ਨੇ ਦਾਅਵਾ ਕੀਤਾ ਕਿ ਘਟਨਾ ਵਾਲੇ ਦਿਨ ਉਹ ਦਫ਼ਤਰ ਵਿੱਚ ਸੀ ਅਤੇ ਦਸਤਖ਼ਤਾਂ ਸਮੇਤ ਰਜਿਸਟਰਡ ਛੁੱਟੀ ਦਾ ਰਿਕਾਰਡ ਵੀ ਪੇਸ਼ ਕੀਤਾ। ਹਾਲਾਂਕਿ ਇਸਤਗਾਸਾ ਪੱਖ ਵੱਲੋਂ ਪੇਸ਼ ਕੀਤੇ ਗਏ ਮੁਲਜ਼ਮ ਦੇ ਫੋਨ ਦੇ ਕਾਲ ਰਿਕਾਰਡ ਤੋਂ ਪਤਾ ਲੱਗਾ ਹੈ ਕਿ ਘਟਨਾ ਵਾਲੇ ਦਿਨ ਮਨੋਜ ਟਿਊਸ਼ਨ ਪੜ੍ਹਾ ਰਿਹਾ ਸੀ।