ਵਾਸ਼ਿੰਗਟਨ (NRI MEDIA) : ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਂ 'ਤੇ ਵ੍ਹਾਈਟ ਹਾਊਸ 'ਚ ਜ਼ਹਿਰ ਭੇਜਣ ਦੇ ਦੋਸ਼ ਵਿਚ ਇਕ ਔਰਤ ਨੂੰ ਅਮਰੀਕਾ-ਕੈਨੇਡਾ ਦੀ ਸਰਹੱਦ ਤੋਂ ਗਿ੍ਫ਼ਤਾਰ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਐਤਵਾਰ ਨੂੰ ਵ੍ਹਾਈਟ ਹਾਊਸ ਵਿਚ ਇਕ ਪੈਕਟ ਆਇਆ ਸੀ ਜਿਸ ਵਿਚ ਜ਼ਹਿਰੀਲਾ ਪਦਾਰਥ ਰਿਸਿਨ ਸੀ। ਸੁਰੱਖਿਆ ਏਜੰਸੀਆਂ ਨੇ ਔਰਤ ਦੀ ਪਛਾਣ ਉਜਾਗਰ ਨਹੀਂ ਕੀਤੀ ਹੈ। ਇਹ ਵੀ ਪਤਾ ਨਹੀਂ ਲੱਗਾ ਹੈ ਕਿ ਔਰਤ ਨੇ ਅਜਿਹਾ ਕਿਉਂ ਕੀਤਾ।
ਹਫ਼ਤਾ ਪਹਿਲੇ ਟਰੰਪ ਦੇ ਨਾਂ 'ਤੇ ਪੁੱਜਾ ਸੀ ਪਾਰਸਲ
ਵ੍ਹਾਈਟ ਹਾਊਸ ਵਿਚ ਇਕ ਹਫ਼ਤਾ ਪਹਿਲੇ ਡੋਨਾਲਡ ਟਰੰਪ ਦੇ ਨਾਂ 'ਤੇ ਇਕ ਪਾਰਸਲ ਪੁੱਜਾ ਸੀ। ਇਸ ਦੇ ਅੰਦਰ ਜ਼ਹਿਰੀਲੀ ਚੀਜ਼ ਮਿਲੀ ਸੀ। ਪਾਰਸਲ ਦੇ ਟਰੰਪ ਤਕ ਪੁੱਜਣ ਤੋਂ ਪਹਿਲੇ ਹੋਣ ਵਾਲੀ ਜਾਂਚ ਵਿਚ ਹੀ ਇਸ ਦਾ ਖ਼ੁਲਾਸਾ ਹੋ ਗਿਆ। ਦੱਸਣਯੋਗ ਹੈ ਕਿ ਰਾਸ਼ਟਰਪਤੀ ਭਵਨ ਵਿਚ ਇਸ ਤੋਂ ਪਹਿਲੇ ਵੀ ਰਿਸਿਨ ਭੇਜੇ ਜਾਣ ਦੇ ਮਾਮਲੇ ਸਾਹਮਣੇ ਆਏ ਹਨ। ਸਾਲ 2018 ਵਿਚ ਇਕ ਸਾਬਕਾ ਜਲ ਸੈਨਾ ਅਧਿਕਾਰੀ ਨੂੰ ਇਸ ਦੇ ਦੋਸ਼ ਵਿਚ ਗਿ੍ਫ਼ਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲੇ 2014 ਵਿਚ ਰਿਸਿਨ ਦੀ ਕੋਟਿੰਗ ਵਾਲਾ ਇਕ ਪੱਤਰ ਬਰਾਕ ਓਬਾਮਾ ਨੂੰ ਭੇਜਿਆ ਗਿਆ ਸੀ। ਮਿਸੀਸਿਪੀ ਵਾਸੀ ਉਸ ਸ਼ਖ਼ਸ ਨੂੰ 25 ਸਾਲ ਦੀ ਜੇਲ੍ਹ ਹੋਈ ਸੀ।