ਵਾਸ਼ਿੰਗਟਨ (ਦੇਵ ਇੰਦਰਜੀਤ): ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਸੋਸ਼ਲ ਮੀਡੀਆ 'ਤੇ ਵਾਪਸੀ ਦੀ ਤਿਆਰੀ ਵਿਚ ਹਨ। ਖਾਸ ਗੱਲ ਇਹ ਹੈ ਕਿ ਇਸ ਵਾਰ ਉਹ ਖੁਦ ਆਪਣੀ ਕੰਪਨੀ ਲਾਂਚ ਕਰਨ ਵਾਲੇ ਹਨ। ਇੱਥੇ ਦੱਸ ਦਈਏ ਕਿ ਇਹਨੀਂ ਦਿਨੀਂ ਉਹ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਨਹੀਂ ਹਨ।
ਇਸੇ ਸਾਲ ਟਰੰਪ 'ਤੇ 6 ਜਨਵਰੀ ਨੂੰ ਅਮਰੀਕੀ ਕੈਪੀਟਲ 'ਤੇ ਹਿੰਸਾ ਭੜਕਾਉਣ ਦਾ ਦੋਸ਼ ਲੱਗਿਆ ਸੀ, ਇਸ ਘਟਨਾ ਵਿਚ ਇਕ ਪੁਲਸ ਅਧਿਕਾਰੀ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੇ ਬਾਅਦ ਟਵਿੱਟਰ ਨੇ ਉਹਨਾਂ ਦੇ ਅਕਾਊਂਟ ਨੂੰ ਹਮੇਸ਼ਾ ਲਈ ਬਲਾਕ ਕਰ ਦਿੱਤਾ ਸੀ।ਇਸ ਦੇ ਇਲਾਵਾ ਫੇਸਬੁੱਕ ਨੇ ਵੀ ਉਹਨਾਂ ਦੇ ਅਕਾਊਂਟ ਨੂੰ ਹਟਾ ਦਿੱਤਾ ਸੀ।
ਪੁਰਾਣੇ ਸਲਾਹਕਾਰ ਅਤੇ ਬੁਲਾਰੇ ਨੇ ਟਵੀਟ ਕਰ ਦਿੱਤੀ ਜਾਣਕਾਰੀ
ਸੋਸ਼ਲ ਮੀਡੀਆ 'ਤੇ ਟਰੰਪ ਦੀ ਵਾਪਸੀ ਨੂੰ ਲੈਕੇ ਖ਼ਬਰ ਉਹਨਾਂ ਦੇ ਇਕ ਪੁਰਾਣੇ ਸਲਾਹਕਾਰ ਅਤੇ ਬੁਲਾਰੇ ਜੈਸਨ ਮਿਲਰ ਨੇ ਦਿੱਤੀ ਹੈ। ਮਿਲਰ ਨੇ ਫੌਕਸ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਟਰੰਪ ਦੋ ਤੋਂ ਤਿੰਨ ਮਹੀਨਿਆਂ ਵਿਚ ਸੋਸ਼ਲ ਮੀਡੀਆ 'ਤੇ ਵਾਪਸੀ ਕਰ ਸਕਦੇ ਹਨ। ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਮੀਡੀਆ ਪਲੇਟਫਾਰਮ ਟਰੰਪ ਦਾ ਆਪਣਾ ਹੋਵੇਗਾ।ਮਿਲਰ ਮੁਤਾਬਕ ਟਰੰਪ ਦਾ ਇਹ ਆਪਣਾ ਸੋਸ਼ਲ ਮੀਡੀਆ ਪਲੇਟਫਾਰਮ ਆਉਣ ਵਾਲੇ ਦਿਨਾਂ ਵਿਚ ਗੇਮ ਚੇਂਜਰ ਸਾਬਤ ਹੋ ਸਕਦਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਇਸ ਪਲੇਟਫਾਰਮ 'ਤੇ ਕਰੋੜਾਂ ਲੋਕ ਜੁੜ ਸਕਦੇ ਹਨ।