ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਹਫ਼ਤਾ ਪਹਿਲੇ ਈਰਾਨ ਦੇ ਪਰਮਾਣੂ ਟਿਕਾਣਿਆਂ 'ਤੇ ਹਮਲਾ ਕਰਨਾ ਚਾਹੁੰਦੇ ਸਨ। ਉਨ੍ਹਾਂ ਇਨ੍ਹਾਂ ਟਿਕਾਣਿਆਂ ਨੂੰ ਨਸ਼ਟ ਕਰਨ ਦੇ ਬਦਲਾਂ 'ਤੇ ਵੀ ਵਿਚਾਰ ਕੀਤਾ ਸੀ। ਮੀਟਿੰਗ ਵਿਚ ਸਲਾਹਕਾਰਾਂ ਨੇ ਇਸ ਕਦਮ ਨੂੰ ਨਾ ਚੁੱਕਣ ਦੀ ਸਲਾਹ ਦਿੱਤੀ ਜਿਸ ਪਿੱਛੋਂ ਉਨ੍ਹਾਂ ਨੇ ਆਪਣੇ ਕਦਮ ਵਾਪਸ ਖਿੱਚ ਲਏ।
ਦੱਸ ਦਈਏ ਕਿ ਖ਼ਬਰਾਂ ਮੁਤਾਬਕ ਟਰੰਪ ਨੇ ਓਵਲ ਆਫਿਸ 'ਚ ਇਕ ਹਫ਼ਤਾ ਪਹਿਲੇ ਇਕ ਮੀਟਿੰਗ ਬੁਲਾਈ ਸੀ ਜਿਸ ਵਿਚ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਨਾਲ ਹੀ ਉਪ ਰਾਸ਼ਟਰਪਤੀ ਮਾਈਕ ਪੈਂਸ, ਵਿਦੇਸ਼ ਮੰਤਰੀ ਮਾਈਕ ਪੋਂਪੀਓ ਅਤੇ ਕਾਰਜਕਾਰੀ ਰੱਖਿਆ ਮੰਤਰੀ ਕ੍ਰਿਸਟੋਫਰ ਮਿਲਰ ਅਤੇ ਹੋਰ ਅਧਿਕਾਰੀ ਮੌਜੂਦ ਸਨ। ਮੀਟਿੰਗ ਵਿਚ ਹਮਲੇ ਦੇ ਬਾਰੇ ਵਿਚ ਵਿਚਾਰ ਬੁੱਧਵਾਰ ਨੂੰ ਅੰਤਰਰਾਸ਼ਟਰੀ ਪਰਮਾਣੂ ਏਜੰਸੀ ਦੀ ਉਸ ਰਿਪੋਰਟ ਪਿੱਛੋਂ ਕੀਤਾ ਗਿਆ ਜਿਸ ਵਿਚ ਦੱਸਿਆ ਗਿਆ ਸੀ ਕਿ ਈਰਾਨ ਆਪਣੇ ਯੂਰੇਨੀਅਮ ਭੰਡਾਰ ਤੇਜ਼ੀ ਨਾਲ ਵਧਾ ਰਿਹਾ ਹੈ।
ਇਹ ਭੰਡਾਰ 2015 'ਚ ਕੀਤੇ ਗਏ ਸਮਝੌਤੇ ਦਾ ਉਲੰਘਣ ਹਨ। ਮੀਟਿੰਗ ਵਿਚ ਸਾਰੇ ਹਾਲਾਤ 'ਤੇ ਵਿਚਾਰ ਕੀਤਾ ਗਿਆ ਅਤੇ ਬਾਅਦ ਵਿਚ ਇਸ ਫ਼ੈਸਲੇ ਨੂੰ ਵਿਵਾਦ ਵਧਣ ਦੀ ਸ਼ੰਕਾ ਵਿਚ ਰੋਕ ਦਿੱਤਾ ਗਿਆ। ਦੱਸਣਯੋਗ ਹੈ ਕਿ ਜਨਵਰੀ ਵਿਚ ਟਰੰਪ ਨੇ ਇਕ ਡਰੋਨ ਹਮਲੇ ਦਾ ਆਦੇਸ਼ ਦਿੱਤਾ ਸੀ ਜਿਸ ਵਿਚ ਈਰਾਨ ਦੇ ਮੇਜਰ ਜਨਰਲ ਕਾਸਿਮ ਸੁਲੇਮਾਨੀ ਨੂੰ ਬਗ਼ਦਾਦ ਹਵਾਈ ਅੱਡੇ 'ਤੇ ਮਾਰ ਦਿੱਤਾ ਗਿਆ ਸੀ। ਓਥੇ ਹੀ ਮੰਨਿਆ ਜਾ ਰਿਹਾ ਹੈ ਕਿ ਦੋ ਮਹੀਨੇ ਪਿੱਛੋਂ ਆਫਿਸ ਛੱਡਣ ਵਾਲੇ ਟਰੰਪ ਦੀ ਸਲਾਹ 'ਤੇ ਜੇ ਹਮਲਾ ਕਰ ਦਿੱਤਾ ਜਾਂਦਾ ਤਾਂ ਇਹ ਫ਼ੈਸਲਾ ਆਉਣ ਵਾਲੇ ਰਾਸ਼ਟਰਪਤੀ ਜੋਅ ਬਾਇਡਨ ਲਈ ਮੁਸੀਬਤ ਵਧਾਉਣ ਵਾਲਾ ਹੁੰਦਾ।