ਕੈਨੇਡਾ ਦੀਆਂ ਆਗਾਮੀ ਸੰਸਦੀ ਚੋਣਾਂ ਮੌਕੇ ਚੋਣ ਮੈਦਾਨ ਵਿੱਚ ਨਹੀਂ ਕੁੱਦਣਗੇ ਟਰੂਡੋ

by nripost

ਵੈਨਕੂਵਰ (ਰਾਘਵ): ਸਾਢੇ 9 ਸਾਲਾਂ ਤੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਬਿਰਾਜਮਾਨ ਲਿਬਰਲ ਪਾਰਟੀ ਆਗੂ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਉਹ ਕੈਨੇਡਾ ਦੀਆਂ ਆਗਾਮੀ ਸੰਸਦੀ ਚੋਣਾਂ ਮੌਕੇ ਚੋਣ ਮੈਦਾਨ ਵਿੱਚ ਨਹੀਂ ਕੁੱਦਣਗੇ। ਉਹ ਕਿਊਬੈਕ ਸੂਬੇ ਵਿਚਲੇ ਪੈਪਨਿਊ ਸੰਸਦੀ ਹਲਕੇ ਤੋਂ 2008 ਵਿੱਚ ਪਹਿਲੀ ਵਾਰ ਸੰਸਦ ਮੈਂਬਰ ਬਣੇ ਸਨ ਤੇ ਉਦੋਂ ਤੋਂ ਉਥੋਂ ਚੋਣ ਲੜਦੇ ਤੇ ਜਿੱਤਦੇ ਆ ਰਹੇ ਸਨ।

ਟਰੂਡੋ ਨੇ ਇਹ ਗੱਲ ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਅਗਲੇ ਹਫਤੇ ਅਹੁਦਾ ਸੰਭਾਲਣ ਤੋਂ ਬਾਅਦ ਕੈਨੇਡਾ ਤੋਂ ਅਮਰੀਕਾ ਵਿਚ ਦਰਾਮਦ ਹੁੰਦੀਆਂ ਵਸਤਾਂ ’ਤੇ 25 ਫੀਸਦ ਟੈਰਿਫ ਲਾਉਣ ਦੇ ਕੀਤੇ ਗਏ ਐਲਾਨ ਨਾਲ ਨਜਿੱਠਣ ਦੀਆਂ ਨੀਤੀਆਂ ਘੜਨ ਲਈ ਸੱਦੀ ਗਈ ਕੈਨੇਡੀਅਨ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਕਹੀ। ਟਰੂਡੋ ਨੇ ਕਿਹਾ ਬੇਸ਼ੱਕ ਉਨ੍ਹਾਂ ਕੋਲ ਆਪਣੇ ਭਵਿੱਖ ਬਾਰੇ ਇਮਾਨਦਾਰੀ ਨਾਲ ਸੋਚਣ ਲਈ ਬਹੁਤਾ ਸਮਾਂ ਨਹੀਂ ਬਚਿਆ, ਪਰ ਉਸ ਨੇ ਇਹ ਤੈਅ ਕਰ ਕੇ ਪਾਰਟੀ ਨੂੰ ਦੱਸ ਦਿੱਤਾ ਹੈ ਕਿ ਆਉਂਦੀਆਂ ਚੋਣਾਂ ਮੌਕੇ ਉਸ ਦੇ ਹਲਕੇ ਤੋਂ ਕਿਸੇ ਹੋਰ ਦੀ ਉਮੀਦਵਾਰੀ ਵਿਚਾਰੀ ਜਾਏ।

ਹਾਕਮ ਲਿਬਰਲ ਪਾਰਟੀ ਦੇ ਨਵੇਂ ਆਗੂ ਦੀ 9 ਮਾਰਚ ਨੂੰ ਹੋਣ ਵਾਲੀ ਚੋਣ ਲਈ ਹੁਣ ਮੈਦਾਨ ਵਿਚ ਦੋ ਹੀ ਸੰਜੀਦਾ ਉਮੀਦਵਾਰ – ਸਾਬਕਾ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਅਤੇ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੀ – ਹੀ ਰਹਿ ਗਏ ਹਨ। ਮਾਰਕ ਕਾਰਨੀ ਦੀ ਉਮੀਦਵਾਰੀ ਦੀ ਪੁਸ਼ਟੀ ਕਰਦਿਆਂ ਕੈਲਗਰੀ ਤੋਂ ਲਿਬਰਲ ਐਮਪੀ ਜਾਰਜ ਚਾਹਲ ਨੇ ਕਿਹਾ ਹੈ ਕਿ ਮਾਰਕ ਕਾਰਨੀ ਵੀਰਵਾਰ ਨੂੰ ਆਪਣੀ ਚੋਣ ਮੁੰਹਿਮ ਦਾ ਅਗਾਜ਼ ਐਡਮਿੰਟਨ ਤੋਂ ਕਰਨਗੇ, ਜਿਸਦੀਆਂ ਤਿਆਰੀਆਂ ਉਸਦੇ ਜ਼ਿੰਮੇ ਹਨ।

ਕੁਝ ਸਰਵੇਖਣ ਕੰਪਨੀਆਂ ਵਲੋਂ ਦੇਸ਼ ਦੇ ਲੋਕਾਂ ਦੀ ਰਾਇ ਇਕੱਤਰ ਕਰਕੇ ਕੱਢੇ ਸਿੱਟਿਆਂ ਤੋਂ ਲੱਗਦਾ ਹੈ ਕਿ ਮਾਰਕ ਕਾਰਨੀ ਪਾਰਟੀ ਦੀ ਵਾਗ਼ਡੋਰ ਸੰਭਾਲਣਗੇ, ਕਿਉਕਿ ਲੋਕਾਂ ਦੀ ਪੰਸਦ ਪੱਖੋਂ ਉਹ ਕ੍ਰਿਸਟੀਆ ਫ੍ਰੀਲੈਂਡ ਤੋਂ ਕਾਫੀ ਅੱਗੇ ਹੈ। ਅਮਰੀਕਨ ਟੈਰਿਫ ਦੀ ਧਮਕੀ ਨਾਲ ਸਿੱਝਣ ਲਈ ਸੂਬਿਆਂ ਦੇ ਮੁੱਖ ਮੰਤਰੀ ਇੱਕਮਤ ਹੋ ਗਏ ਹਨ ਕਿ ਕਾਹਲੀ ਵਿੱਚ ਨਾ ਤਾਂ ਕੋਈ ਕਦਮ ਪੁੱਟਿਆ ਜਾਏ ਤੇ ਨਾ ਹੀ ਕੀ ਕਰਨਾ ਹੈ, ਇਸ ਬਾਰੇ ਕੋਈ ਬਿਆਨਬਾਜ਼ੀ ਕੀਤੀ ਜਾਏ। ਇਸ ਦੇ ਨਾਲ ਹੀ ਸਭ ਦਾ ਮੰਨਣਾ ਹੈ ਕਿ ਘਾਟ-ਵਾਧ ਦੋਵੇਂ ਪਾਸੇ ਹੋਵੇਗੀ, ਇਸ ਕਰਕੇ ਟਰੰਪ ਦੀ ਧਮਕੀ ਤੋਂ ਕਿਸੇ ਤਰ੍ਹਾਂ ਦੀ ਘਬਰਾਹਟ ਵਿਚ ਆਉਣ ਦੀ ਕੋਈ ਲੋੜ ਨਹੀਂ ਹੈ।

ਫਿਰ ਵੀ ਅਗਲੇ ਦਿਨ ਕੈਨੇਡਿਆਈ ਸਿਆਸਤ ਵਿੱਚ ਕਾਫੀ ਅਹਿਮ ਮੰਨੇ ਜਾ ਰਹੇ ਹਨ, ਜੋ ਦੇਸ਼ ਦੀ ਲੰਮੇ ਸਮੇਂ ਦੀ ਆਰਥਿਕਤਾ ਦੀ ਦਸ਼ਾ ਤੇ ਦਿਸ਼ਾ ਤੈਅ ਕਰਨਗੇ।