ਹਲਕੇ ਵਿੱਚ ਨਾ ਲੈਣ ਐਨਡੀਪੀ ਦੇ ਸਮਰਥਨ ਨੂੰ ਟਰੂਡੋ : ਜਗਮੀਤ ਸਿੰਘ

by vikramsehajpal

ਉਨਟਾਰੀਓ (ਦੇਵ ਇੰਦਰਜੀਤ) : ਵੀਰਵਾਰ ਨੂੰ ਜਗਮੀਤ ਸਿੰਘ ਨੇ ਚੇਤਾਵਨੀ ਦਿੰਦਿਆਂ ਆਖਿਆ ਕਿ ਜਿਹੜੇ ਲਿਬਰਲ ਬਿੱਲਾਂ ਨਾਲ ਉਹ ਸਹਿਮਤ ਨਹੀਂ ਹੋਣਗੇ, ਫਿਰ ਉਨ੍ਹਾਂ ਵਿੱਚ ਭਾਵੇਂ ਬਜਟ ਹੀ ਕਿਉਂ ਨਾ ਹੋਵੇ, ਉਨ੍ਹਾਂ ਲਈ ਉਹ ਵੋਟਾਂ ਰੋਕ ਲੈਣਗੇ।

ਇਸ ਵਾਰੀ ਐਨਡੀਪੀ ਆਗੂ ਵੱਲੋਂ ਪਾਰਲੀਆਮੈਂਟ ਵਿੱਚ ਲਿਬਰਲਾਂ ਦੇ ਸਹਿਯੋਗ ਲਈ ਸਖ਼ਤੀ ਅਪਨਾਉਣ ਦਾ ਸੰਕੇਤ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਆਖਿਆ ਕਿ ਉਹ ਪ੍ਰਧਾਨ ਮੰਤਰੀ ਦੀਆਂ ਮਿੱਠੀਆਂ ਤੇ ਚੋਪੜੀਆਂ ਗੱਲਾਂ ਵਿੱਚ ਵੀ ਨਹੀਂ ਆਉਣਗੇ।

ਉਨ੍ਹਾਂ ਸਪਸ਼ਟ ਕੀਤਾ ਕਿ ਟਰੂਡੋ ਵੱਲੋਂ ਕੀਤੇ ਵਾਅਦੇ ਪਾਰਲੀਆਮੈਂਟ ਵਿੱਚ ਐਨਡੀਪੀ ਦਾ ਸਮਰਥਨ ਜਿੱਤਣ ਲਈ ਕਾਫੀ ਨਹੀਂ ਹਨ। ਐਨਡੀਪੀ ਦੀਆਂ ਤਰਜੀਹਾਂ ਉੱਤੇ ਠੋਸ ਕਾਰਵਾਈ ਕੀਤਾ ਜਾਣਾ ਵੀ ਜ਼ਰੂਰੀ ਹੋਵੇਗਾ, ਜਿਵੇਂ ਕਿ ਇਸ ਮਹੀਨੇ ਮੁੱਕਣ ਜਾ ਰਹੇ ਕੋਵਿਡ-19 ਬੈਨੇਫਿਟਸ ਵਿੱਚ ਵਾਧਾ ਕਰਨਾ।

ਓਟਵਾ ਵਿੱਚ ਇੱਕ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਗਮੀਤ ਸਿੰਘ ਨੇ ਆਖਿਆ ਕਿ ਉਹ ਟਰੂਡੋ ਤੋਂ ਪਾਜ਼ੀਟਿਵ ਸਿਗਨਲ ਵੇਖਣਾ ਚਾਹੁੰਦੇ ਹਨ, ਜਿਸ ਤੋਂ ਇਹ ਪਤਾ ਲੱਗੇ ਕਿ ਉਹ ਐਨਡੀਪੀ ਨਾਲ ਕੰਮ ਕਰਨ ਲਈ ਤਿਆਰ ਹਨ। ਉਨ੍ਹਾਂ ਖੁਲਾਸਾ ਕੀਤਾ ਕਿ ਟਰੂਡੋ ਨੇ ਅਜੇ ਉਨ੍ਹਾਂ ਨੀਤੀਆਂ ਬਾਰੇ ਵੀ ਕੋਈ ਚਰਚਾ ਨਹੀਂ ਕੀਤੀ ਹੈ ਜਿਨ੍ਹਾਂ ਉੱਤੇ ਪਾਰਲੀਆਮੈਂਟ ਵਿੱਚ ਸਹਿਯੋਗ ਕਰਨ ਲਈ ਉਨ੍ਹਾਂ ਦੀ ਸਹਿਮਤੀ ਬਣੀ ਸੀ।

ਪਿਛਲੀ ਵਾਰੀ ਵਾਂਗ ਹੀ ਇਸ ਵਾਰੀ ਵੀ ਲੈਜਿਸਲੇਟਿਵ ਏਜੰਡੇ ਨੂੰ ਪੂਰਾ ਕਰਨ ਲਈ ਟਰੂਡੋ ਦੀ ਘੱਟ ਗਿਣਤੀ ਸਰਕਾਰ ਨੂੰ ਹੋਰਨਾਂ ਪਾਰਟੀਆਂ ਦੇ ਸਹਿਯੋਗ ਦੀ ਲੋੜ ਹੋਵੇਗੀ। ਪਰ ਇਸ ਵਾਰੀ ਜਗਮੀਤ ਸਿੰਘ ਨੇ ਸਪਸ਼ਟ ਕਰ ਦਿੱਤਾ ਹੈ ਕਿ ਟਰੂਡੋ ਐਨਡੀਪੀ ਦੇ ਸਮਰਥਨ ਨੂੰ ਹਲਕੇ ਵਿੱਚ ਨਹੀਂ ਲੈ ਸਕਦੇ।

ਉਨ੍ਹਾਂ ਆਖਿਆ ਕਿ ਇਸ ਵਾਰੀ ਅਸੀਂ ਸਮਰਥਨ ਵਾਲੀਆਂ ਵੋਟਾਂ ਰੋਕਣ ਲਈ ਤਿਆਰ ਹਾਂ ਤੇ ਇਸੇ ਲਈ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਇਹ ਦਰਸਾਵੇ ਕਿ ਉਹ ਸਾਡੇ ਨਾਲ ਕੰਮ ਕਰਨ ਵਿੱਚ ਦਿਲਚਸਪੀ ਲੈ ਰਹੀ ਹੈ।