ਟੋਰਾਂਟੋ (ਦੇਵ ਇੰਦਰਜੀਤ)- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਮੰਗਲਵਾਰ ਨੂੰ ਪਹਿਲੀ ਵਰਚੂਅਲ ਮੀਟਿੰਗ ਕਰਨਗੇ।
ਟਰੂਡੋ ਤੇ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰੈੱਸ ਸਕੱਤਰ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਆਖਿਆ ਗਿਆ ਕਿ ਮੰਗਲਵਾਰ ਨੂੰ ਨਾ ਸਿਰਫ ਦੋਵੇਂ ਆਗੂ ਵਰਚੂਅਲ ਮੁਲਾਕਾਤ ਕਰਨਗੇ ਸਗੋਂ ਦੋਵਾਂ ਮੰਤਰੀ ਮੰਡਲ ਦੇ ਮੰਤਰੀ ਵੀ ਮੀਟਿੰਗ ਕਰਨਗੇ। ਬਾਇਡਨ ਦੇ 20 ਜਨਵਰੀ ਨੂੰ ਅਹੁਦਾ ਸਾਂਭਣ ਤੋਂ ਬਾਅਦ ਭਾਵੇਂ ਦੋਵਾਂ ਆਗੂਆਂ ਵਿਚਾਲੇ ਫੋਨ ਉੱਤੇ ਗੱਲਬਾਤ ਹੋ ਚੁੱਕੀ ਹੈ ਪਰ ਇਸ ਨੂੰ ਪਹਿਲੀ ਦੁਵੱਲੀ ਮੀਟਿੰਗ ਦਾ ਦਰਜਾ ਦਿੱਤਾ ਜਾ ਰਿਹਾ ਹੈ।
ਇੱਕ ਬਿਆਨ ਵਿੱਚ ਟਰੂਡੋ ਨੇ ਆਖਿਆ ਕਿ ਕੈਨੇਡਾ ਤੇ ਅਮਰੀਕਾ ਦਰਮਿਆਨ ਲੰਮੇਂ ਸਮੇਂ ਤੋਂ ਸਬੰਧ ਕਾਫੀ ਮਜ਼ਬੂਤ ਹਨ। ਇਹ ਸਬੰਧ ਸਾਡੀਆਂ ਸਾਂਝੀਆਂ ਕਦਰਾਂ ਕੀਮਤਾਂ, ਸਾਡੇ ਲੋਕਾਂ ਦਰਮਿਆਨ ਮਜ਼ਬੂਤ ਸਬੰਧਾਂ ਤੇ ਸਾਡੀ ਸਾਂਝੀ ਭੂਗੋਲਿਕ ਸਥਿਤੀ ਦੀ ਨੀਂਹ ਉੱਤੇ ਟਿਕੇ ਹਨ। ਪ੍ਰਧਾਨ ਮੰਤਰੀ ਨੇ ਆਖਿਆ ਕਿ ਰਾਸ਼ਟਰਪਤੀ ਬਾਇਡਨ ਨਾਲ ਹੋਣ ਵਾਲੀ ਇਸ ਮੀਟਿੰਗ ਨੂੰ ਲੈ ਕੇ ਉਹ ਕਾਫੀ ਆਸਵੰਦ ਹਨ ਤੇ ਕੋਵਿਡ-19 ਮਹਾਂਮਾਰੀ ਨੂੰ ਖ਼ਤਮ ਕਰਨ ਤੇ ਦੋਵਾਂ ਦੇਸ਼ਾਂ ਦੇ ਲੋਕਾਂ ਦੀ ਮਦਦ ਕਰਨ ਲਈ ਉਹ ਰਲ ਕੇ ਕੰਮ ਕਰਨਗੇ।