
ਪਟਿਆਲਾ (ਨੇਹਾ): ਅੱਜ ਇੱਥੇ ਸਰਹਿੰਦ ਰੋਡ ’ਤੇ ਇੱਕ ਚਲਦੇ ਟਰੱਕ ਨੂੰ ਅੱਗ ਲੱਗ ਗਈ, ਜਿਸ ਦੇ ਵਿੱਚ ਚੌਲ਼ ਭਰਿਆ ਹੋਇਆ ਸੀ। ਡਰਾਈਵਰ ਦੇ ਦੱਸਣ ਮੁਤਾਬਿਕ ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਪਟਿਆਲਾ ਸ਼ਹਿਰ ਵੱਲ ਨੂੰ ਆ ਰਿਹਾ ਸੀ ਤੇ ਟਰੱਕ ਦਾ ਟਾਇਰ ਪੈਂਚਰ ਹੋ ਗਿਆ। ਇਸ ਕਾਰਨ ਗੱਡੀ ਡਿਵਾਈਡਰ ਵਿੱਚ ਜਾ ਟਕਰਾਈ ਤੇ ਇਸ ਦੌਰਾਨ ਡੀਜ਼ਲ ਵਾਲਾ ਟੈਂਕ ਫਟ ਗਿਆ ਅਤੇ ਇਸ ਦੇ ਸਿੱਟੇ ਵਜੋਂ ਹੀ ਅੱਗ ਲੱਗੀ। ਦੂਜੇ ਪਾਸੇ ਨਗਰ ਨਿਗਮ ਪਟਿਆਲਾ ਦੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕਿਸਾਨੀ ਅੰਦੋਲਨ ਕਾਰਨ ਸ਼ੰਭੂ ਅਤੇ ਢਾਬੀ ਗੁਜਰਾਂ ਬਾਰਡਰ ‘ਤੇ ਗਈਆਂ ਹੋਈਆਂ ਹਨ। ਇਸ ਤੋਂ ਇਲਾਵਾ ਸ਼ਹਿਰ ਵਿੱਚ ਵੀ ਅੱਜ ਇੱਕ ਘਰ ਵਿੱਚ ਅੱਗ ਲੱਗ ਗਈ ਸੀ, ਜਿਸ ਕਰਕੇ ਫਾਇਰ ਬ੍ਰਿਗੇਡ ਦੀ ਇਕ ਗੱਡੀ ਉੱਥੇ ਵੀ ਗਈ ਹੋਈ ਸੀ। ਇਸ ਕਾਰਨ ਫਾਇਰ ਬ੍ਰਿਗੇਡ ਦੇ ਸਟਾਫ ਨੇ ਪਹਿਲਾਂ ਇੱਕ ਟੈਂਪੂ ਵਿੱਚ ਰੱਖੀ ਪਾਣੀ ਵਾਲੀ ਟੈਂਕੀ ਦੇ ਨਾਲ ਹੀ ਕੰਮ ਚਲਾਇਆ ਤੇ ਮਗਰੋਂ ਫਾਇਰ ਬ੍ਰਿਗੇਡ ਦੀ ਵੱਡੀ ਗੱਡੀ ਆਈ, ਜਿਸ ਨਾਲ ਅੱਗ ‘ਤੇ ਕਾਬੂ ਪਾਇਆ ਗਿਆ। ਪਰ ਉਦੋਂ ਤੱਕ ਟਰੱਕ ਦਾ ਕਾਫੀ ਨੁਕਸਾਨ ਹੋ ਚੁੱਕਾ ਸੀ।