ਨਿਊਜ਼ ਡੈਸਕ : ਸੂਬੇ 'ਚ ਦਿਨੋਂ-ਦਿਨ ਸੜਕੀ ਹਾਦਸਿਆਂ 'ਚ ਲਗਾਤਾਰ ਇਜਾਫਾ ਹੁੰਦਾ ਜਾ ਰਿਹਾ ਹੈ। ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਨਾਭਾ ਭਵਾਨੀਗੜ੍ਹ ਰੋਡ 'ਤੇ ਜਿਥੇ ਬੀਤੀ ਰਾਤ ਕਰੀਬ ਸਾਢੇ 11 ਵਜੇ ਵਿਆਹ ਸਮਾਗਮ ਤੋਂ ਘਰ ਪਰਤ ਰਹੇ ਪਰਿਵਾਰ ਨਾਲ ਵੱਡਾ ਹਾਦਸਾ ਵਾਪਰ ਗਿਆ।ਹਾਦਸੇ 'ਚ ਕਾਰ ਨੂੰ ਕੋਈ ਅਣਪਛਾਤਾ ਟਰੱਕ ਫੇਟ ਮਾਰ ਗਿਆ, ਜਿਸ 'ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਤੇ ਅੱਠ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਹਨ। ਮ੍ਰਿਤਕਾਂ 'ਚ ਪਿਓ-ਪੁੱਤਰ ਤੇ ਇਕ ਔਰਤ ਸ਼ਾਮਲ ਹਨ।
ਨਾਭਾ ਭਵਾਨੀਗੜ੍ਹ ਰੋਡ ਨੇੜੇ ਨਵੀਂ ਜ਼ਿਲ੍ਹਾ ਜੇਲ੍ਹ ਦੇ ਕੋਲ ਬੀਤੀ ਰਾਤ ਕਰੀਬ ਸਾਢੇ 11 ਵਜੇ ਵਾਪਰੇ ਇਸ ਸੜਕ ਹਾਦਸੇ ਉਪਰੰਤ ਪੁਲਿਸ ਤੇ ਐਂਬੂਲੈਂਸ ਚਾਲਕਾਂ ਵੱਲੋਂ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ, ਜਿਸ 'ਚ ਪਿਓ ਪੁੱਤਰ ਦੀ ਮੌਕੇ ਤੇ ਮੌਤ ਹੋ ਗਈ ਸੀ।ਮ੍ਰਿਤਕ ਲੜਕੇ ਦੀ ਉਮਰ ਮਹਿਜ਼ 7 ਸਾਲ ਸੀ ਜਿਸ ਦਾ ਨਾਮ ਗੁਰਲਾਲ ਸਿੰਘ ਸੀਤੇ ਪਿਤਾ ਦੀ ਉਮਰ 35 ਸਾਲ ਸੀ, ਜਿਨ੍ਹਾਂ 'ਚੋਂ ਬਾਕੀ ਦੇ ਨੌਂ ਵਿਅਕਤੀਆਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਰੈਫਰ ਕੀਤਾ ਗਿਆ। ਜਿਸ 'ਚੋਂ ਪਟਿਆਲਾ ਵਿਖੇ ਇਕ ਔਰਤ ਦੀ ਮੌਤ ਹੋ ਗਈ।
ਇਸ ਮੌਕੇ ਮ੍ਰਿਤਕ ਦੇ ਰਿਸ਼ਤੇਦਾਰ ਜਸਵਿੰਦਰ ਸਿੰਘ ਤੇ ਕਰਮਜੀਤ ਕੌਰ ਨੇ ਕਿਹਾ ਕਿ ਇਹ ਵਿਆਹ ਸਮਾਗਮ ਤੋਂ ਘਰ ਵਾਪਸ ਜਾ ਰਹੇ ਸਨ ਇਨ੍ਹਾਂ ਨੇ ਮੂੰਹ ਬਿਖੇੜੇ ਪਟਿਆਲੇ ਜਾਣਾ ਸੀ ਤੇ ਰਸਤੇ 'ਚ ਇਹ ਵੱਡਾ ਹਾਦਸਾ ਵਾਪਰ ਗਿਆ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਟਰੱਕ ਚਾਲਕ ਦੇ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਤੇ ਸਰਕਾਰੀ ਹਸਪਤਾਲ ਦੀ ਡਾਕਟਰ ਮਹਿਕ ਨੇ ਦੱਸਿਆ ਕਿ ਇਸ ਹਾਦਸੇ 'ਚ ਇਕ ਸੱਤ ਸਾਲਾ ਲੜਕਾ ਤੇ ਇਕ ਵਿਅਕਤੀ ਦੀ ਮੌਤ ਹੋਈ ਹੈ ਅਤੇ ਬਾਕੀਆਂ ਨੂੰ ਅਸੀਂ ਰਜਿੰਦਰਾ ਹਸਪਤਾਲ ਵਿਚ ਰੈਫਰ ਕਰ ਦਿੱਤਾ ਹੈ ਜੋ ਬਹੁਤ ਹੀ ਗੰਭੀਰ ਜ਼ਖ਼ਮੀ ਹਨ।