ਟਰੈਕਟਰ ਪਰੇਡ ਨੂੰ ਲੈ ਕੇ ਕਿਸਾਨਾਂ ਖਿੱਚੀ ਤਿਆਰੀ….!

by vikramsehajpal

ਦਿੱਲੀ (ਦੇਵ ਇੰਦਰਜੀਤ ) :ਪੁਲੀਸ ਵੱਲੋਂ ਹਰੀ ਝੰਡੀ ਮਿਲ ਜਾਣ ਮਗਰੋਂ ਕਿਸਾਨਾਂ ਨੇ ਵੀ ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੱਢੀ ਜਾਣ ਵਾਲੀ 26 ਜਨਵਰੀ ਦੀ ‘ਕਿਸਾਨ ਗਣਤੰਤਰ ਪਰੇਡ ਦੀ ਤਿਆਰੀ ਖਿੱਚ ਦਿਤੀ ਹੈ।

ਦਸਣਯੋਗ ਹੈ ਕੀ ਸਿੰਘੂ ਬਾਰਡਰ ’ਤੇ ਪ੍ਰੈੱਸ ਕਾਨਫਰੰਸ ਦੌਰਾਨ ਕਿਸਾਨ ਯੂਨੀਅਨ ਦਾ ਕਹਿਣਾ ਇਸ ਵਿਚ ਬਿਨਾ ਟਰਾਲੀ ਤੋਂ ਟਰੈਕਟਰ ਹੈ ਸਿਰਫ ਸ਼ਾਮਿਲ ਹੋ ਸਕਦੇ ਹਨ। ਇਸ ਦੌਰਾਨ ਉਹੀ ਟਰਾਲੀਆਂ ਤੁਰਨਗੀਆਂ ਜਿਨ੍ਹਾਂ ਵਿੱਚ ਵਿਸ਼ੇਸ਼ ਝਾਕੀਆਂ ਬਣੀਆਂ ਹੋਣਗੀਆਂ। ਇਸ ਇਤਿਹਾਸਕ ਪਰੇਡ ਰਾਹੀਂ ਕਿਸਾਨ ਦੁਨੀਆਂ ਤੇ ਦੇਸ਼ ਨੂੰ ਆਪਣਾ ਦੁੱਖ ਦਰਦ ਅਤੇ ਤਿੰਨਾਂ ਖੇਤੀ ਕਾਨੂੰਨਾਂ ਦਾ ਕੱਚ-ਸੱਚ ਸਾਹਮਣੇ ਲਿਆਉਣਗੇ। ਜਿਸ ਰਾਹੀਂ ਕਿਸਾਨਾਂ ਦੀ ਜਿੱਤ ਹੋਵੇਗੀ।

ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਰੇਡ ਲਈ ਦੋ ਰੂਟ ਤੈਅ ਕੀਤੇ ਜਾ ਚੁੱਕੇ ਹਨ ਤੇ ਬਾਕੀ ਦੇ ਦੋ ਰੂਟ ਭਲਕੇ ਤੈਅ ਕੀਤੇ ਜਾਣਗੇ ਜੋ ਸਭ ਨੂੰ ਡਿਜੀਟਲ ਢੰਗ ਨਾਲ ਮਿਲ ਸਕਦੇ ਹਨ। ਉਨ੍ਹਾਂ ਹਦਾਇਤ ਕੀਤੀ ਕਿ ਪਰੇਡ ਲੰਬੀ ਚੱਲਣ ਕਰਕੇ 24 ਘੰਟੇ ਦਾ ਰਾਸ਼ਨ ਨਾਲ ਲੈ ਕੇ ਚੱਲਿਆ ਜਾਵੇ ਤੇ ਜਾਮ ’ਚ ਫਸਣ ਦੀ ਹਾਲਤ ’ਚ ਪਾਣੀ ਤੇ ਹੋਰ ਪ੍ਰਬੰਧ ਕੀਤੇ ਜਾਣ। ਪਹਿਲਾਂ ਦੇ ਐਲਾਨ ਮੁਤਾਬਕ ਟਰੈਕਟਰਾਂ ਉੱਪਰ ਕੌਮੀ ਝੰਡੇ ਦੇ ਨਾਲ ਸਿਰਫ਼ ਕਿਸਾਨ ਜਥੇਬੰਦੀ ਦਾ ਹੀ ਝੰਡਾ ਲੱਗੇਗਾ। ਸਿਆਸੀ ਪਾਰਟੀ ਦੇ ਝੰਡੇ ਦੀ ਮਨਾਹੀ ਹੋਵੇਗੀ। ਇਸ ਦੌਰਾਨ ਕਿਸਾਨਾਂ ਕੋਲ ਕੋਈ ਹਥਿਆਰ ਜਾਂ ਲੱਠ ਆਦਿ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪਰੇਡ ਦੌਰਾਨ ਕੋਈ ਵੀ ਨਾਂਹ-ਪੱਖੀ ਨਾਅਰਾ ਨਹੀਂ ਲਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਹਦਾਇਤਾਂ ਮੁਤਾਬਕ ਪਰੇਡ ਦੇ ਅੱਗੇ ਆਗੂਆਂ ਦੀਆਂ ਗੱਡੀਆਂ ਚੱਲਣਗੀਆਂ ਤੇ ਪਰੇਡ ਨੂੰ ਹਰੀ ਜੈਕੇਟ ਪਾਈ ਵਾਲੰਟੀਅਰ ਚਲਾਉਣਗੇ ਅਤੇ ਉਨ੍ਹਾਂ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ। ਪੁਲੀਸ ਤੇ ਵਲੰਟੀਅਰ ਮਿਲ ਕੇ ਕਿਸਾਨਾਂ ਨੂੰ ਰੂਟ ਬਾਰੇ ਦੱਸਦੇ ਰਹਿਣਗੇ। ਮੋਰਚੇ ਵੱਲੋਂ ਕਿਹਾ ਗਿਆ ਹੈ ਕਿ ਕੋਈ ਵੀ ਗੱਡੀ ਜਾਂ ਟਰੈਕਟਰ ਰਾਹ ਵਿੱਚ ਡੇਰਾ ਨਹੀਂ ਲਾਵੇਗਾ ਜੇ ਅਜਿਹਾ ਕੋਈ ਕਰਦਾ ਹੈ ਤਾਂ ਕਾਰਕੁਨ ਉਸ ਨੂੰ ਹਟਾ ਦੇਣਗੇ। ਸਾਰੀ ਪਰੇਡ ਖਤਮ ਹੋ ਕੇ ਵਾਪਸ ਆਪਣੇ ਟਿਕਾਣੇ ਉੱਪਰ ਆਵੇਗੀ। ਇਕ ਟਰੈਕਟਰ ’ਤੇ ਡਰਾਈਵਰ ਸਮੇਤ 5 ਲੋਕਾਂ ਦੇ ਬੈਠਣ ਦੀ ਆਗਿਆ ਹੋਵੇਗੀ ਅਤੇ ਕੋਈ ਵੀ ਟਰੈਕਟਰ ਦੇ ਬੋਨਟ, ਬੰਪਰ ਜਾਂ ਛੱਤ ਉੱਪਰ ਨਹੀਂ ਬੈਠੇਗਾ। ਕਿਸੇ ਨੂੰ ਵੀ ਡੈੱਕ ਚਲਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਨਸ਼ਾ ਕਰਕੇ ਗੱਡੀ ਟਰੈਕਟਰ ਚਲਾਉਣ ਵਾਲੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਤੇ ਵਲੰਟੀਅਰ ਵੀ ਅਜਿਹੇ ਲੋਕਾਂ ’ਤੇ ਨਜ਼ਰ ਰੱਖਣਗੇ।