ਟੋਰਾਂਟੋ (ਦੇਵ ਇੰਦਰਜੀਤ) : ਟੋਰਾਂਟੋ ਪਬਲਿਕ ਹੈਲਥ ਦਾ ਕਹਿਣਾ ਹੈ ਕਿ ਉਹ 5 ਤੋਂ 11 ਸਾਲ ਤੱਕ ਦੇ ਬੱਚਿਆਂ ਨੂੰ ਕੋਵਿਡ-19 ਵੈਕਸੀਨੇਟ ਕਰਨ ਦੀ ਤਿਆਰੀ ਕਰ ਰਹੇ ਹਨ।
ਟੀਪੀਐਚ ਦਾ ਕਹਿਣਾ ਹੈ ਕਿ ਇਹ ਹੈਲਥ ਕੈਨੇਡਾ ਦੀ ਮਨਜ਼ੂਰੀ ਅਤੇ ਓਨਟਾਰੀਓ ਦੇ ਸਿਹਤ ਮੰਤਰਾਲੇ ਵੱਲੋਂ ਇਸ ਉਮਰ ਵਰਗ ਦੇ ਬੱਚਿਆਂ ਲਈ ਹਾਸਲ ਹੋਣ ਵਾਲੀ ਵੈਕਸੀਨ ਉੱਤੇ ਹੀ ਨਿਰਭਰ ਕਰਦਾ ਹੈ।ਹਾਲ ਦੀ ਘੜੀ ਫਾਈਜ਼ਰ-ਬਾਇਓਐਨਟੈਕ ਕੌਮੀਰਨਾਟੀ ਤੇ ਮੌਡਰਨਾ ਸਪਾਈਕਵੈਕਸ ਵੈਕਸੀਨਜ਼ ਹੀ 12 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਮਨਜ਼ੂਰ ਹੋਈਆਂ ਹਨ।
ਹੈਲਥ ਕੈਨੇਡਾ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ 12 ਸਾਲ ਤੋਂ ਘੱਟ ਉਮਰ ਵਰਗ ਦੇ ਬੱਚਿਆਂ ਉੱਤੇ ਵੈਕਸੀਨ ਦੀ ਪ੍ਰਭਾਵਸ਼ੀਲਤਾ ਅਜੇ ਪਤਾ ਨਹੀਂ ਲੱਗ ਸਕੀ ਹੈ। ਫਾਈਜ਼ਰ ਨੇ ਆਖਿਆ ਹੈ ਕਿ ਪੰਜ ਤੋਂ 11 ਸਾਲ ਤੱਕ ਦੇ ਬੱਚਿਆਂ ਨੂੰ ਵੈਕਸੀਨੇਟ ਕਰਨ ਦੀ ਇਜਾਜ਼ਤ ਉਨ੍ਹਾਂ ਵੱਲੋਂ ਜਲਦ ਹਾਸਲ ਕਰ ਲਈ ਜਾਵੇਗੀ।
ਟੀਪੀਐਚ ਨੇ ਆਖਿਆ ਕਿ ਹੈਲਥ ਕੈਨੇਡਾ ਵੱਲੋਂ 5 ਤੋਂ 11 ਸਾਲ ਦੇ ਬੱਚਿਆਂ ਨੂੰ ਵੈਕਸੀਨੇਟ ਕਰਨ ਦੀ ਮਨਜ਼ੂਰੀ ਮਿਲਦਿਆਂ ਹੀ ਪ੍ਰੋਵਿੰਸ਼ੀਅਲ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਨ੍ਹਾਂ ਵੱਲੋਂ ਜਨਤਾ ਨੂੰ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਜਾਵੇਗੀ।ਅੰਦਾਜ਼ਨ ਇਸ ਉਮਰ ਵਰਗ ਦੇ 200,000 ਬੱਚੇ ਟੋਰਾਂਟੋ ਵਿੱਚ ਵੈਕਸੀਨੇਟ ਕੀਤੇ ਜਾਣ ਲਈ ਯੋਗ ਹਨ।