ਨਿਊਜ਼ ਡੈਸਕ (ਰਿੰਪੀ ਸ਼ਰਮਾ ): ਫਰੀਦਕੋਟ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਘਰ ਆਏ ਨੌਜਵਾਨ ਨੂੰ ਬੰਨ੍ਹ ਕੇ ਉਸ ਨਾਲ ਕੁੱਟਮਾਰ ਕਰਕੇ ਮੌਤ ਦੇ ਘਾਟ ਉਤਾਰਿਆ ਗਿਆ। ਦੱਸਿਆ ਜਾ ਰਿਹਾ ਪਿੰਡ ਔਲਖ ਦੇ ਗੁਰਇਕਬਾਲ ਸਿੰਘ ਨਾਮ ਦੇ 28 ਸਾਲਾਂ ਨੌਜਵਾਨ ਦਾ ਆਪਣੇ ਪਿੰਡ ਦੀ ਕੁੜੀ ਨਾਲ ਪਿਆਰ ਪੈ ਗਿਆ । ਜਿਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਘਰੋਂ ਭੱਜ ਕੇ ਵਿਆਹ ਕਰਵਾ ਲਿਆ ਪਰ ਕੁੜੀ ਦੇ ਪਰਿਵਾਰਿਕ ਮੈਬਰਾਂ ਨੂੰ ਇਹ ਰਿਸ਼ਤਾ ਮਨਜ਼ੂਰ ਨਹੀ ਸੀ। ਇਸ ਲਈ ਉਹ ਕੁੜੀ ਨੂੰ ਵਾਪਸ ਘਰ ਲੈ ਗਏ ਪਰ ਬਾਅਦ 'ਚ ਵੀ ਮੁੰਡਾ ਕੁੜੀ ਨੂੰ ਮਿਲਣ ਜਾਂਦਾ ਰਿਹਾ ।
ਦੇਰ ਰਾਤ ਵੀ ਨੌਜਵਾਨ ਕੁੜੀ ਨੂੰ ਮਿਲਣ ਉਸ ਦੇ ਘਰ ਗਿਆ ਪਰ ਕੁੜੀ ਦੇ ਪਰਿਵਾਰਿਕ ਮੈਬਰਾਂ ਨੇ ਉਸ ਨੂੰ ਬੰਨ੍ਹ ਲਿਆ ਤੇ ਉਸ ਨਾਲ ਕੁੱਟਮਾਰ ਕੀਤੀ। ਜਿਸ ਕਾਰਨ ਉਸ ਦੀ ਉੱਥੇ ਹੀ ਮੌਤ ਹੋ ਗਈ । ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ । ਪੰਚਾਇਤ ਮੈਬਰ ਮਹਿਲਾ ਨੇ ਦੱਸਿਆ ਕਿ ਦੇਰ ਰਾਤ ਉਸ ਨੂੰ ਕੁੜੀ ਦੇ ਪਰਿਵਾਰਿਕ ਮੈਬਰਾਂ ਨੇ ਸੂਚਨਾ ਦਿੱਤੀ ਕਿ ਨੌਜਵਾਨ ਉਨ੍ਹਾਂ ਦੇ ਘਰ ਆਇਆ ਹੈ । ਜਿਸ ਨੂੰ ਉਨ੍ਹਾਂ ਨੇ ਬੰਨ੍ਹ ਲਿਆ ਤੇ ਉਸ ਨਾਲ ਕੁੱਟਮਾਰ ਕੀਤੀ ਪਰ ਕੁਝ ਸਮੇ ਬਾਅਦ ਫਿਰ ਫੋਨ ਆਇਆ ਕਿ ਨੌਜਵਾਨ ਦੀ ਮੌਤ ਹੋ ਗਈ ਹੈ। ਜਿਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।