ਸ੍ਰੀ ਫਤਹਿਗੜ੍ਹ ਸਾਹਿਬ (ਹਰਮੀਤ): ਸੰਸਦ ਮੈਂਬਰ ਡਾ: ਅਮਰ ਸਿੰਘ ਨੇ ਨਵੀਂ ਦਿੱਲੀ ਵਿਖੇ ਕੇਂਦਰੀ ਖਾਦ ਮੰਤਰੀ ਜੇਪੀ ਨੱਡਾ ਨਾਲ ਵਿਸ਼ੇਸ਼ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਚੰਗੀ ਕੁਆਲਿਟੀ ਦੀ ਯੂਰੀਆ ਅਤੇ ਡੀਏਪੀ ਦੀ ਲੋੜੀਂਦੀ ਸਪਲਾਈ ਯਕੀਨੀ ਬਣਾਉਣ ਲਈ ਬੇਨਤੀ ਕੀਤੀ। ਉਨ੍ਹਾਂ ਨੇ ਮੰਤਰੀ ਨੂੰ ਦੱਸਿਆ ਕਿ ਕਿਸਾਨਾਂ ਵਿੱਚ ਭਾਰੀ ਤਣਾਅ ਹੈ ਕਿਉਂਕਿ ਪੰਜਾਬ ਨੂੰ ਭੇਜੇ ਗਏ 60 ਫੀਸਦੀ ਡੀ.ਏ.ਪੀ ਸੈਂਪਲ ਕੁਆਲਿਟੀ ਟੈਸਟਾਂ ਵਿੱਚ ਫੇਲ ਹੋਏ ਹਨ। ਉਨ੍ਹਾਂ ਨੇ ਕੇਂਦਰੀ ਖਾਦ ਮੰਤਰੀ ਨੂੰ ਕਿਹਾ ਕਿ ਗੰਭੀਰਤਾ ਨਾਲ ਡੀ.ਏ.ਪੀ ਸੈਂਪਲ ਦੀ ਜਾਂਚ ਦੀ ਲੋੜ ਹੈ।
ਡਾ: ਅਮਰ ਸਿੰਘ ਨੇ ਕਿਹਾ ਕਿ ਦੂਜੇ ਪਾਸੇ ਇਸ ਸਮੇਂ ਪੰਜਾਬ ਕੋਲ ਡੀਏਪੀ ਦਾ ਬਹੁਤ ਘੱਟ ਸਟਾਕ ਹੈ ਅਤੇ ਭਾਰਤ ਸਰਕਾਰ ਵੱਲੋਂ ਹੁਣ ਤੱਕ ਪੰਜਾਬ ਨੂੰ ਭੇਜਿਆ ਗਿਆ ਸਟਾਕ ਪਿਛਲੇ ਸਾਲ ਭੇਜੇ ਗਏ ਸਟਾਕ ਨਾਲੋਂ ਬਹੁਤ ਘੱਟ ਹੈ। ਜਦਕਿ ਡਾ: ਸਿੰਘ ਨੇ ਮੰਤਰੀ ਨੂੰ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਅਨਾਜ ਦੀ ਖਰੀਦ ਦੇ ਸਬੰਧ ਵਿੱਚ ਕੇਂਦਰੀ ਪੂਲ ਵਿੱਚ ਪੰਜਾਬ ਦਾ ਸਭ ਤੋਂ ਵੱਧ ਯੋਗਦਾਨ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਡੀਏਪੀ ਦੀ ਘਾਟ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਕਿਹਾ ਕਿ ਪ੍ਰਾਈਵੇਟ ਕੰਪਨੀਆਂ ਤੋਂ ਡੀਏਪੀ ਖਰੀਦਣ ਨਾਲ ਛੋਟੇ ਕਿਸਾਨਾਂ 'ਤੇ ਵਾਧੂ ਬੋਝ ਪਵੇਗਾ ਜੋ ਡੀਏਪੀ ਅਤੇ ਹੋਰ ਖਾਦਾਂ ਦੀ ਸਪਲਾਈ ਲਈ ਸਰਕਾਰ ਅਤੇ ਸਹਿਕਾਰੀ ਏਜੰਸੀਆਂ 'ਤੇ ਨਿਰਭਰ ਕਰਦੇ ਹਨ।
ਇਸ ਮੀਟਿੰਗ ਵਿਚ ਕੇਂਦਰੀ ਖਾਦ ਮੰਤਰੀ ਜੇਪੀ ਨੱਡਾ ਨੇ ਵਾਅਦਾ ਕੀਤਾ ਕਿ ਘਟੀਆ ਕੁਆਲਿਟੀ ਦੀ ਡੀ.ਏ.ਪੀ ਸਪਲਾਈ ਕਰਨ ਵਾਲਿਆਂ ਵਿਰੁੱਧ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।