ਮਥੁਰਾ (ਦੇਵ ਇੰਦਰਜੀਤ) : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ ਸੋਮਵਾਰ ਨੂੰ ਕਿਹਾ ਕਿ ਮਥੁਰਾ ਦੇ ਵਰਿੰਦਾਵਨ, ਗੋਵਰਧਨ, ਨੰਦਗਾਂਵ, ਬਰਸਾਨਾ, ਗੋਕੁਲ, ਮਹਾਵਨ ਅਤੇ ਬਲਦੇਵ ਵਿਚ ਛੇਤੀ ਹੀ ਮਾਸ ਅਤੇ ਸ਼ਰਾਬ ਦੀ ਵਿਕਰੀ ਬੰਦ ਕਰ ਇਨ੍ਹਾਂ ਕੰਮਾਂ ਵਿੱਚ ਲੱਗੇ ਲੋਕਾਂ ਦਾ ਹੋਰ ਕਾਰੋਬਾਰਾਂ ਵਿਚ ਪੁਨਰਵਾਸ ਕੀਤਾ ਜਾਵੇਗਾ।
ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਉਤਸਵ ’ਤੇ ਆਯੋਜਿਤ ਪ੍ਰੋਗਰਾਮ ਵਿਚ ਸ਼ਾਮਲ ਹੋਣ ਅਤੇ ਸ਼੍ਰੀ ਕ੍ਰਿਸ਼ਨ ਜਨਮਸਥਾਨ ’ਤੇ ਭਗਵਾਨ ਦੇ ਦਰਸ਼ਨ ਕਰਨ ਸੋਮਵਾਰ ਨੂੰ ਮਥੁਰਾ ਪੁੱਜੇ ਮੁੱਖ ਮੰਤਰੀ ਨੇ ਇਸ ਮੌਕੇ ਰਾਮਲੀਲਾ ਮੈਦਾਨ ਵਿਚ ਆਯੋਜਿਤ ਇਕ ਜਨਸਭਾ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ।
ਉਨ੍ਹਾਂ ਕਿਹਾ,‘‘4 ਸਾਲ ਪਹਿਲਾਂ 2017 ’ਚ ਇੱਥੇ ਦੀ ਜਨਤਾ ਦੀ ਮੰਗ ’ਤੇ ਮਥੁਰਾ ਅਤੇ ਵਰਿੰਦਾਵਨ ਨਗਰ ਪਾਲਿਕਾਵਾਂ ਨੂੰ ਮਿਲਾ ਕੇ ਨਗਰ ਨਿਗਮ ਦਾ ਗਠਨ ਕੀਤਾ ਗਿਆ ਸੀ। ਹੁਣ ਜਨਤਾ ਦੀ ਕਾਮਨਾ ਹੈ ਕਿ ਇਨ੍ਹਾਂ ਪਵਿੱਤਰ ਸਥਾਨਾਂ ’ਤੇ ਮਾਸ ਦੀ ਵਿਕਰੀ ਨਾ ਕੀਤੀ ਜਾਵੇ ਤਾਂ ਮੈਂ ਭਰੋਸਾ ਦਿੰਦਾ ਹੈ ਕਿ ਅਜਿਹਾ ਹੀ ਹੋਵੇਗਾ।
’’ ਉਨ੍ਹਾਂ ਨੇ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ,‘‘ਜੋ ਲੋਕ ਇਨ੍ਹਾਂ ਕੰਮਾਂ ਨਾਲ ਜੁੜੇ ਹਨ, ਉਨ੍ਹਾਂ ਹੋਰ ਕੰਮਾਂ ਦੀ ਸਿਖਲਾਈ ਦੇ ਕੇ ਉਨ੍ਹਾਂ ਦਾ ਪੁਨਰਵਾਸ ਕੀਤਾ ਜਾਣਾ ਚਾਹੀਦਾ। ਉਨ੍ਹਾਂ ਲੋਕਾਂ ਦੀ ਕਾਊਂਸਲਿੰਗ ਕੀਤੀ ਜਾਣੀ ਚਾਹੀਦੀ ਹੈ।’’ ਉਨ੍ਹਾਂ ਕਿਹਾ ਕਿ ਸਾਡਾ ਮਕਸਦ ਕਿਸੇ ਨੂੰ ਉਜਾੜਨਾ ਨਹੀਂ ਹੈ। ਸਿਰਫ਼ ਯੋਜਨਾਬੱਧ ਪੁਨਰਵਾਸ ਕਰਨਾ ਹੈ।