ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਭਾਰਤ ਵਿੱਚ ਠੰਢ ਦਾ ਕਹਿਰ ਜਾਰੀ ਹੈ। ਤੇ ਉੱਤਰ ਭਾਰਤ ਦੇ ਵਾਸੀਆਂ ਲਈ ਹਾਲੇ ਠੰਢ ਤੋਂ ਰਾਹਤ ਦੀ ਕੋਈ ਖ਼ਬਰ ਨਹੀਂ ਹੈ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਸ਼ਨੀਵਾਰ ਯਾਨਿ 5 ਫ਼ਰਵਰੀ ਦੀ ਸਵੇਰ ਕਾਫ਼ੀ ਇਲਾਕਿਆਂ ਵਿੱਚ ਸੰਘਣੀ ਧੁੰਦ ਦੇਖਣ ਨੂੰ ਮਿਲੀ। ਪੰਜਾਬ ਦੇ ਅੰਮ੍ਰਿਤਸਰ ਚ ਸੰਘਣੀ ਧੁੰਦ ਤੇ ਕੋਰ੍ਹੇ ਦੀ ਚਾਦਰ ਵਿਛੀ ਨਜ਼ਰ ਆਈ, ਜਿਸ ਕਾਰਨ ਆਵਾਜਾਈ ਵਿੱਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਜਦਕਿ ਬਠਿੰਡਾ ਤੇ ਆਦਮਪੁਰ
ਚ ਸੰਘਣੀ ਧੁੰਦ ਦੇਖਣ ਨੂੰ ਮਿਲੀ।
8 ਤੇ 9 ਫ਼ਰਵਰੀ ਨੂੰ ਮੁੜ ਤੋਂ ਹੋ ਸਕਦੀ ਹੈ ਬਰਸਾਤ
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਪੰਜਾਬ ਤੇ ਹਰਿਆਣਾ ਦੇ ਕੁੱਝ ਇਲਾਕਿਆਂ ਤੇ ਰਾਜਧਾਨੀ ਚੰਡੀਗੜ੍ਹ ਚ 8 ਤੇ 9 ਫ਼ਰਵਰੀ ਨੂੰ ਦੁਬਾਰਾ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦਾ ਕਹਿਣੈ ਕਿ ਮੌਜੂਦਾ ਸਮੇਂ ਵਿੱਚ ਹਿਮਾਚਲ ਤੇ ਪੱਛਮੀ ਹਿਮਾਲਯ ਦੇ ਇਲਾਕਿਆਂ ਵਿੱਚ ਪੱਛਮੀ ਗੜਬੜੀ ਪੂਰੀ ਤਰ੍ਹਾਂ ਸਰਗਰਮ ਹੈ। ਜਿਸ ਕਾਰਨ ਪਹਾੜਾਂ `ਤੇ ਮੀਂਹ, ਬਰਫ਼ਬਾਰੀ ਤੇ ਤੇਜ਼ ਹਵਾਵਾਂ ਦਾ ਕਹਿਰ ਜਾਰੀ ਹੈ। ਜਿਸ ਦਾ ਸਾਫ਼ ਅਸਰ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ।ਪੱਛਮੀ ਗੜਬੜੀ ਸਰਗਰਮ ਹੋਣ ਕਾਰਨ ਹੀ ਉੱਤਰ ਭਾਰਤ ਦੇ ਵਾਸੀਆਂ ਨੂੰ ਠੰਢ ਤੋਂ ਰਾਹਤ ਨਹੀਂ ਮਿਲ ਰਹੀ ਹੈ।