by mediateam
ਸਿਡਨੀ (Nri Media) : ਆਸਟ੍ਰੇਲੀਆ ਵਿਚ ਜੰਗਲਾਂ ਦੀ ਅੱਗ ਨੇ ਭਾਰੀ ਤਬਾਹੀ ਮਚਾਈ ਸੀ। ਜਿਸ ਕਾਰਨ ਕਈ ਕਰੋੜਾਂ ਜੀਵ ਜੰਤੂਆਂ ਦਾ ਵੀ ਸਫ਼ਾਇਆ ਹੋ ਗਿਆ ਸੀ। ਪਰ ਹੁਣ ਅੱਗ ਦੇ ਮੁੜ 'ਦਸਤਕ' ਦੇਣ ਦੇ ਖ਼ਦਸ਼ਿਆਂ ਨੇ ਆਸਟ੍ਰੇਲੀਆ ਵਾਸੀਆਂ ਨੂੰ ਮੁੜ ਚਿੰਤਾ 'ਚ ਪਾ ਦਿਤਾ ਹੈ। ਆਸਟ੍ਰੇਲੀਆ ਵਿਚ ਗਰਮ ਹਵਾਵਾਂ ਅਤੇ ਲੂ ਕਾਰਨ ਅੱਗ ਭੜਕਣ ਦਾ ਖ਼ਤਰਾ ਇਕ ਵਾਰ ਫਿਰ ਪੈਦਾ ਹੋ ਗਿਆ ਹੈ। ਸਾਊਥ ਆਸਟ੍ਰੇਲੀਆ ਸੂਬੇ ਵਿਚ ਵੀਰਵਾਰ ਨੂੰ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਹੋ ਗਿਆ।
ਇਸ ਕਾਰਨ ਇਥੇ ਕਈ ਅਜਿਹੇ ਇਲਾਕਿਆਂ ਲਈ ਲਈ ਚਿਤਾਵਨੀ ਜਾਰੀ ਕੀਤੀ ਗਈ ਹੈ ਜਿਥੇ ਅੱਗ ਲੱਗਣ ਦਾ ਖ਼ਦਸ਼ਾ ਹੈ। ਗਰਮ ਹਵਾਵਾਂ ਸ਼ੁਕਰਵਾਰ ਤਕ ਕੈਨਬਰਾ ਅਤੇ ਮੈਲਬੋਰਨ ਪਹੁੰਚ ਸਕਦੀਆਂ ਹਨ। ਅਧਿਕਾਰੀਆਂ ਨੇ ਦਸਿਆ ਕਿ ਵੱਧ ਰਹੀਆਂ ਗਰਮ ਹਵਾਵਾਂ ਕਾਰਨ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਵਿਚ ਜੰਗਲਾਂ 'ਚ ਅੱਗ ਫ਼ੈਲਣ ਦੀ ਸਥਿਤੀ ਪੈਦਾ ਹੋ ਗਈ ਹੈ ਕਿਉਂਕਿ ਇਥੇ ਅਜੇ ਵੀ 80 ਤੋਂ ਜ਼ਿਆਦਾ ਜਗ੍ਹਾ 'ਤੇ ਅੱਗ ਫ਼ੈਲੀ ਹੋਈ ਹੈ। ਵਿਕਟੋਰੀਆ 'ਚ ਅੱਗ ਬੁਝਾਊ ਦਸਤੇ ਦੇ ਅਧਿਕਾਰੀ ਐਂਡਿਰਿਊ ਕ੍ਰਿਸਪ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਬੰਧੀ ਤਿਆਰੀਆਂ ਕਰ ਲੈਣ।