ਚੰਡੀਗੜ੍ਹ (ਦੇਵ ਇੰਦਰਜੀਤ) : ਨਵਜੋਤ ਸਿੰਘ ਸਿੱਧੂ ਵਲੋਂ ਲਗਾਤਾਰ ਜ਼ੁਬਾਨੀ ਹਮਲੇ ਝੱਲ ਰਹੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਖਿਰਕਾਰ ਚੁੱਪੀ ਤੋੜੀ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਉੱਤੇ ਵੀ ਇਕ ਹਾਈਕਮਾਨ ਹੈ। ਉਹ ਹਾਈਕਮਾਨ ਨੂੰ ਵੀ ਦੱਸ ਰਹੇ ਹਨ ਅਤੇ ਸਰਕਾਰ ਨੂੰ ਵੀ ਦੱਸ ਰਹੇ ਹਨ। ਸਿੱਧੂ ਦੇ 13 ਪੁਆਂਇੰਟ ਹੋਣ, 18, 21 ਜਾਂ 24 ਪੁਆਂਇੰਟ ਹੋਣ।
ਜੋ ਏਜੰਡਾ ਹੈ, ਉਸ ਨੂੰ ਲਾਗੂ ਕੀਤਾ ਜਾਵੇਗਾ। ਨਵਜੋਤ ਸਿੰਘ ਸਿੱਧੂ ਨੇ ਪੁਆਂਇੰਟ ਚੁੱਕੇ ਹਨ, ਇਹ ਉਨ੍ਹਾਂ ਦਾ ਅਧਿਕਾਰ ਹੈ। ਹਰ ਪਾਰਟੀ ਪ੍ਰਧਾਨ ਦਾ ਇਹ ਅਧਿਕਾਰ ਹੈ ਕਿ ਉਹ ਮੁੱਦੇ ਚੁੱਕੇ। ਪਾਰਟੀ ਦੀ ਵਿਚਾਰਾਧਾਰਾ ਨੂੰ ਸਰਕਾਰ ਨੇ ਲਾਗੂ ਕਰਨਾ ਹੈ ਕਿਉਂਕਿ ਪਾਰਟੀ ਸੁਪਰੀਮ ਹੈ। ਸਿੱਧੂ ਵਲੋਂ ਚੁੱਕਿਆ ਗਿਆ ਕੋਈ ਵੀ ਪੁਆਂਇੰਟ ਛੱਡਿਆ ਨਹੀਂ ਜਾਵੇਗਾ।
ਚੰਨੀ ਨੇ ਸਿੱਧੂ ਅਤੇ ਉਨ੍ਹਾਂ ਵਿਚਕਾਰ ਕਿਸੇ ਮਤਭੇਦ ਦੀ ਗੱਲ ਨੂੰ ਵੀ ਖਾਰਿਜ ਕੀਤਾ। ਉਨ੍ਹਾਂ ਕਿਹਾ ਕਿ ਮੁੱਦੇ ਉਠਾਉਣ ਦਾ ਇਹ ਮਤਲਬ ਨਹੀਂ ਹੈ ਕਿ ਪਾਰਟੀ ਅਤੇ ਸਰਕਾਰ ਵਿਚਕਾਰ ਕੋਈ ਮਤਭੇਦ ਹੈ। ਜੇਕਰ ਕਿਸੇ ਨੂੰ ਅਜਿਹਾ ਲੱਗਦਾ ਹੈ ਕਿ ਕੋਈ ਮਤਭੇਦ ਹੈ ਤਾਂ ਉਹ ਸਿੱਧੂ ਨੂੰ ਅਗਲੀ ਬੈਠਕ ’ਚ ਬੁਲਾ ਲੈਣਗੇ।
ਚੰਨੀ ਨੇ ਕਿਹਾ ਕਿ ਸਭ ਕੁੱਝ ਏਕਤਾ ਦੇ ਨਾਲ ਹੀ ਚੱਲ ਰਿਹਾ ਹੈ। ਇਸ ਮੌਕੇ ਚੰਨੀ ਨਾਲ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਓ.ਪੀ. ਸੋਨੀ ਤੋਂ ਇਲਾਵਾ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ, ਅਰੁਣਾ ਚੌਧਰੀ, ਵਿਜੇ ਇੰਦਰ ਸਿੰਗਲਾ ਅਤੇ ਪਰਗਟ ਸਿੰਘ ਵੀ ਸ਼ਾਮਿਲ ਸਨ।