ਤਰਨ ਤਾਰਨ ਸਾਹਿਬ (ਹਰਮੀਤ) :ਥਾਣਾ ਸ਼ਹਿਰੀ ਸੁਨਾਮ ਅਧੀਨ ਪਿੰਡ ਜਗਤਪੁਰਾ 'ਚ ਮੁੱਖ ਮੰਤਰੀ ਭਗਵੰਤ ਮਾਨ ਦੇ ਇਕ ਕਰੀਬੀ ਰਿਸ਼ਤੇਦਾਰ ਦੇ ਘਰੋਂ ਚੋਰ ਕਰੀਬ 17 ਤੋਲੇ ਸੋਨਾ ਤੇ ਇਕ ਲੱਖ ਰੁਪਏ ਦੀ ਨਕਦੀ ਲੈਕੇ ਫਰਾਰ ਹੋ ਗਏ। ਘਟਨਾ ਸਮੇਂ ਘਰ ਦੇ ਸਾਰੇ ਮੈਂਬਰ ਸੁੱਤੇ ਹੋਏ ਸਨ ਤੇ ਉਨ੍ਹਾਂ ਨੂੰ ਚੋਰੀ ਦੀ ਘਟਨਾ ਦਾ ਪਤਾ ਵੀ ਨਹੀਂ ਲੱਗਾ।
ਪਿੰਡ ਜਗਤਪੁਰਾ ਦੇ ਸਾਬਕਾ ਸਰਪੰਚ ਤੇ ਘਰ ਦੇ ਮਾਲਕ ਗੁਰਜੰਟ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਚੋਰ ਛੱਤ ਤੋਂ ਘਰ ਅੰਦਰ ਦਾਖਲ ਹੋਏ ਅਤੇ ਕਮਰੇ 'ਚ ਰੱਖੀ ਅਲਮਾਰੀ ਤੋੜ ਕੇ ਕਰੀਬ 17 ਤੋਲੇ ਸੋਨਾ ਤੇ ਇਕ ਲੱਖ ਰੁਪਿਆ ਲੈ ਕੇ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਜਦੋਂ ਚੋਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਸ ਸਮੇਂ ਘਰ ਦੇ ਸਾਰੇ ਮੈਂਬਰ ਸੁੱਤੇ ਪਏ ਸਨ ਤੇ ਚੋਰ ਘਰ ਦੇ ਵਿਹੜੇ 'ਚੋਂ ਬਿਜਲੀ ਦਾ ਬੱਲਬ ਵੀ ਉਤਾਰ ਕੇ ਆਪਣੇ ਨਾਲ ਲੈ ਗਏ। ਸ਼ਹਿਰ ਦੀ ਹਦੂਦ ਨਾਲ ਲੱਗਦੇ ਪਿੰਡ 'ਚ ਵਾਪਰੀ ਚੋਰੀ ਦੀ ਘਟਨਾ ਨੇ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਇਸੇ ਦੌਰਾਨ ਮੌਕੇ ’ਤੇ ਪੁੱਜੇ ਥਾਣਾ ਸ਼ਹਿਰੀ ਸੁਨਾਮ ਦੇ ਮੁਖੀ ਐਸਐਚਓ ਪ੍ਰਤੀਕ ਜਿੰਦਲ ਨੇ ਦੱਸਿਆ ਕਿ ਪੁਲਿਸ ਚੋਰੀ ਦੀ ਇਸ ਘਟਨਾ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਤੇ ਜਲਦੀ ਹੀ ਇਸ ਦੀ ਬਾਰੀਕੀ ਨਾਲ ਜਾਂਚ ਕਰ ਕੇ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।