ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਿਲੌਰ ਵਿਖੇ ਵਧੀਕ ਸਿਵਲ ਜੱਜ ਸੀਨੀਅਰ ਡਵੀਜ਼ਨ ਦੀ ਅਦਾਲਤ ’ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ 23 ਸਾਲਾ ਨੌਜਵਾਨ ਨੇ ਭਰੀ ਅਦਾਲਤ ’ਚ ਜੱਜ ਦੇ ਸਾਹਮਣੇ ਖੜ੍ਹੇ ਹੋ ਕੇ ਖ਼ੁਦ ’ਤੇ ਪਿਸਤੌਲ ਤਾਣ ਲਿਆ | ਨੌਜਵਾਨ ਨੇ ਜੱਜ ਨੂੰ ਕਿਹਾ ਕਿ ਮੈਡਮ ਮੈਂ ਸਿਰ ’ਤੇ ਕਫ਼ਨ ਬੰਨ੍ਹ ਕੇ ਆਇਆ ਹਾਂ, ਜਾਂ ਮੈਨੂੰ ਇਨਸਾਫ਼ ਦਿਉ ਨਹੀਂ ਤਾਂ ਮੈਂ ਖ਼ੁਦ ਨੂੰ ਗੋਲ਼ੀ ਮਾਰ ਲਵਾਂਗਾ |
ਏ. ਐੱਸ.ਆਈ. ਲਾਲ ਚੰਦ 'ਤੇ ਉਸ ਦੇ ਸਾਥੀ ਨੇ ਉਕਤ ਨੌਜਵਾਨ ਨੂੰ ਹਿੰਮਤ ਕਰ ਕੇ ਫੜ ਲਿਆ ਅਤੇ ਉਸ ਦੇ ਹੱਥ ’ਚੋਂ ਪਿਸਤੌਲ ਖੋਹ ਲਿਆ, ਜੋ ਕਿ ਖਿਡੌਣਾ ਪਿਸਤੌਲ ਨਿਕਲਿਆ। ਇਸ ਤੋਂ ਬਾਅਦ ਸਾਰਿਆਂ ਨੇ ਸੁੱਖ ਦਾ ਸਾਹ ਲਿਆ।
ਪੁੱਛਗਿੱਛ ਦੌਰਾਨ ਨੌਜਵਾਨ ਨੇ ਆਪਣਾ ਨਾਂ ਹੀਰਾ ਪੁੱਤਰ ਭਜਨ ਸਿੰਘ ਵਾਸੀ ਪਿੰਡ ਸੰਗੋਵਾਲ ਦੱਸਿਆ। ਉਹ ਪੜ੍ਹਿਆ-ਲਿਖਿਆ ਹੈ 'ਤੇ ਰੋਜ਼ਾਨਾ ਕੰਮ ਕਰਦਾ ਹੈ। ਹੀਰਾ ਨੇ ਦੱਸਿਆ ਕਿ ਉਸ ਦੇ ਕਈ ਸੁਫ਼ਨੇ ਸਨ। ਹੁਣ ਉਸ ਦੇ ਖ਼ਿਲਾਫ਼ ਚੋਰੀ ਦੇ 3 ਮਾਮਲੇ ਦਰਜ ਹਨ। ਇਕ ਕੇਸ ਪੁਲਿਸ ਨੇ ਉਸ ’ਤੇ ਚੋਰੀ ਦਾ ਸਹੀ ਪਾਇਆ ਹੈ, ਜਦ ਕਿ ਦੋ ਕੇਸ ਉਸ ’ਤੇ ਝੂਠੇ ਪਾ ਦਿੱਤੇ ਹਨ। ਉਹ ਜ਼ਮਾਨਤ ’ਤੇ ਜੇਲ੍ਹ 'ਚੋਂ ਬਾਹਰ ਆਇਆ ਹੈ।
ਹੀਰਾ ਨੇ ਦੱਸਿਆ ਕਿ ਉਸ ਦਾ ਇਕ ਸਾਲ ਪਹਿਲਾਂ ਵਿਆਹ ਹੋਇਆ ਸੀ। ਉਸ ਦੀ ਪਤਨੀ ਦੇ ਬੱਚਾ ਹੋਣ ਵਾਲਾ ਹੈ। ਚੋਰੀ ਦੇ ਕੇਸ ਦਰਜ ਹੋਣ ਕਾਰਨ ਉਸ ਨੂੰ ਕੋਈ ਕੰਮ ਨਹੀਂ ਮਿਲ ਰਿਹਾ। ਉਹ ਸਾਰਾ ਦਿਨ ਵਿਹਲਾ ਬੈਠਾ ਰਹਿੰਦਾ ਹੈ। ਘਰੋਂ ਪੈਸੇ ਫੜ ਕੇ ਉਹ ਕਦੇ ਜਲੰਧਰ ਜਾਂਦਾ ਤੇ ਕਦੇ ਫਿਲੌਰ। ਅਦਾਲਤ ਵਿਚ ਤਾਇਨਾਤ ਮੁਲਾਜ਼ਮ ਛੋਟਾ-ਮੋਟਾ ਕੰਮ ਪੁੱਛਣ ’ਤੇ ਵੀ ਰਿਸ਼ਵਤ ਮੰਗਦੇ ਹਨ। ਉਹ ਇਨਸਾਫ਼ ਮੰਗਦਿਆਂ ਬੁਰੀ ਤਰ੍ਹਾਂ ਥੱਕ ਗਿਆ ਸੀ। ਇਸ ਦੇ ਉਲਟ ਉਸ ਖ਼ਿਲਾਫ਼ ਇਕ ਹੋਰ ਨਵਾਂ ਕੇਸ ਦਰਜ ਕਰ ਦਿੱਤਾ ਗਿਆ।