ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਗੋੜਾ ਹੋਏ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਪੁਲਿਸ ਵਲੋਂ ਅੰਮ੍ਰਿਤਸਰ ਹਵਾਈ ਅੱਡੇ 'ਤੇ ਰੋਕਿਆ ਗਿਆ ਸੀ। ਜਿਸ ਤੋਂ ਬਾਅਦ ਕਾਫੀ ਸਮੇ ਤੱਕ ਪੁੱਛਗਿੱਛ ਕੀਤੀ ਗਈ। ਦੱਸਿਆ ਜਾ ਰਿਹਾ ਕਿਰਨਦੀਪ ਕੌਰ ਨੂੰ ਏਅਰਪੋਰਟ ਤੋਂ ਅਦਾਲਤ ਲਿਜਾਇਆ ਗਿਆ ਤੇ ਉਸ ਨੂੰ ਡਿਊਟੀ ਮਜਿਸਟਰੇਟ ਅੱਗੇ ਪੇਸ਼ ਕੀਤਾ ਗਿਆ। ਸੂਤਰਾਂ ਅਨੁਸਾਰ ਕਿਰਨਦੀਪ ਕੌਰ ਦੇ ਲੰਡਨ ਜਾਣ 'ਤੇ ਰੋਕ ਲਗਾ ਦਿੱਤੀ ਗਈ ਹੈ। ਜਿਸ ਤੋਂ ਬਾਅਦ ਕਿਰਨਦੀਪ ਆਪਣੇ ਘਰ ਲਈ ਰਵਾਨਾ ਹੋ ਗਈ । ਜਾਣਕਾਰੀ ਅਨੁਸਾਰ ਕਿਰਨਦੀਪ ਕੌਰ ਏਅਰਪੋਰਟ ਤੋਂ ਲੰਡਨ ਚੱਲੀ ਸੀ। ਇਸ ਦੌਰਾਨ ਹੀ ਪੰਜਾਬ ਪੁਲਿਸ ਨੇ ਉਸ ਨੂੰ ਏਅਰਪੋਰਟ 'ਤੇ ਹੀ ਰੋਕ ਲਿਆ।
ਫਿਲਹਾਲ ਪੁਲਿਸ ਨੇ ਕਿਸੇ ਵੀ ਉੱਚ ਅਧਿਕਾਰੀ ਵੱਲੋ ਇਸ ਬਾਰੇ ਕੋਈ ਪੁਸ਼ਟੀ ਨਹੀ ਕੀਤੀ ਗਈ। ਜ਼ਿਕਰਯੋਗ ਹੈ ਕਿ ਅਜਨਾਲਾ ਘਟਨਾ ਤੋਂ ਬਾਅਦ 18 ਮਾਰਚ ਨੂੰ ਪੰਜਾਬ ਪੁਲਿਸ ਵਲੋਂ ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ ਸੀ। ਇਸ ਕਾਰਵਾਈ ਦੌਰਾਨ ਪੁਲਿਸ ਨੇ ਕਾਫਲੇ ਨੂੰ ਘੇਰ ਕੇ ਉਸ ਨੇ ਕਈ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਨ੍ਹਾਂ 'ਚੋ ਕੁਝ ਨੂੰ ਅਸਾਮ ਦੀ ਜੇਲ੍ਹ ਭੇਜ ਦਿੱਤਾ ਗਿਆ । ਪੁਲਿਸ ਵਲੋਂ ਹਾਲੇ ਵੀ ਅੰਮ੍ਰਿਤਪਾਲ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ । ਪਿਛਲੇ ਦਿਨੀਂ ਪੁਲਿਸ ਨੇ ਅੰਮ੍ਰਿਤਪਾਲ ਦੇ ਕਰੀਬੀ ਸਾਥੀ ਪਪਲਪ੍ਰੀਤ ਨੂੰ ਅੰਮ੍ਰਿਤਸਰ ਦੇ ਕੋਲੋਂ ਗ੍ਰਿਫ਼ਤਾਰ ਕੀਤਾ ਸੀ ।