ਬਿਨਾਂ ਡ੍ਰਾਈਵਰ ਦੇ ਜੰਮੂ ਤੋਂ ਪੰਜਾਬ ਪਹੁੰਚੀ ਟ੍ਰੇਨ, ਪਈਆਂ ਭਾਜੜਾਂ

by jaskamal

ਪੱਤਰ ਪ੍ਰੇਰਕ : ਪੰਜਾਬ ਵਿੱਚ ਇੱਕ ਰੇਲ ਗੱਡੀ ਬਿਨਾਂ ਲੋਕੋ ਪਾਇਲਟ ਅਤੇ ਗਾਰਡ ਦੇ ਪਟੜੀਆਂ 'ਤੇ ਦੌੜਦੀ ਦੇਖੀ ਗਈ। ਦਰਅਸਲ ਅੱਜ ਸਵੇਰੇ ਡੀ.ਐਮ.ਟੀ. ਕਠੂਆ ਤੋਂ ਬਿਨਾਂ ਲੋਕੋ ਪਾਇਲਟ ਅਤੇ ਗਾਰਡ ਦੇ ਚੱਲਣ ਵਾਲੀ ਮਾਲ ਗੱਡੀ ਦੀ ਜਾਣਕਾਰੀ ਮਿਲੀ ਸੀ। ਇਸ ਟਰੇਨ ਦੇ ਚੱਲਣ ਤੋਂ ਬਾਅਦ ਰੇਲਵੇ ਵਿਭਾਗ 'ਚ ਹੜਕੰਪ ਮਚ ਗਿਆ। ਬਿਨਾਂ ਡਰਾਈਵਰ ਤੋਂ ਚੱਲਣ ਵਾਲੀ ਇਸ ਮਾਲ ਗੱਡੀ ਦੀ ਸੂਚਨਾ ਮਿਲਦਿਆਂ ਹੀ ਪਠਾਨਕੋਟ ਛਾਉਣੀ, ਭੰਗਾਲਾ ਅਤੇ ਹੋਰ ਸਟੇਸ਼ਨਾਂ 'ਤੇ ਜਾ ਕੇ ਰੇਲਵੇ ਫਾਟਕ ਬੰਦ ਕਰ ਦਿੱਤੇ ਗਏ। ਉਕਤ ਮਾਲ ਗੱਡੀ ਜੰਮੂ ਦੇ ਕਠੂਆ ਤੋਂ ਪਟੜੀ ਤੋਂ ਉਤਰ ਕੇ ਪੰਜਾਬ ਪਹੁੰਚੀ ਅਤੇ ਬਿਨਾਂ ਡਰਾਈਵਰ ਦੇ ਕਈ ਕਿਲੋਮੀਟਰ ਤੱਕ ਚੱਲਦੀ ਰਹੀ। ਇਹ ਟਰੇਨ 70-80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲੀ।

ਪਤਾ ਲੱਗਾ ਹੈ ਕਿ ਰੇਲਵੇ ਵਿਭਾਗ ਨੇ ਵੱਖ-ਵੱਖ ਸਟੇਸ਼ਨਾਂ 'ਤੇ ਟਰੇਨ ਨੂੰ ਰੋਕਣ ਲਈ ਵੱਡੇ ਪੱਥਰ ਆਦਿ ਦੀ ਵਰਤੋਂ ਕੀਤੀ। ਇਸ ਟਰੇਨ ਨੂੰ ਰੋਕਣ ਲਈ ਬਿਜਲੀ ਬੰਦ ਕਰ ਦਿੱਤੀ ਗਈ ਅਤੇ ਫਿਰ ਟਰੇਨ ਨੂੰ ਰੋਕ ਦਿੱਤਾ ਗਿਆ। ਜਦੋਂ ਇਹ ਟਰੇਨ ਹੌਲੀ-ਹੌਲੀ ਦਸੂਹਾ ਨੇੜੇ ਉਚੀ ਬੱਸੀ ਨੇੜੇ ਰੁਕੀ ਤਾਂ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ।

ਇਸ ਸਬੰਧੀ ਜਦੋਂ ਚੌਕੀ ਇੰਚਾਰਜ ਏ.ਐਸ.ਆਈ. ਗੁਰਦੇਵ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜਲੰਧਰ ਤੋਂ ਰੇਲਵੇ ਵਿਭਾਗ ਦੇ ਐੱਸ.ਐੱਚ.ਓ. ਅਸ਼ੋਕ ਕੁਮਾਰ ਅਤੇ ਹੋਰ ਅਧਿਕਾਰੀ ਵੀ ਪਹੁੰਚ ਰਹੇ ਹਨ।