by nripost
ਅੰਮ੍ਰਿਤਸਰ (ਰਾਘਵ): ਪਿੰਡ ਖੱਬੇਰਾਜਪੂਤਾਂ ਦੇ ਇਕ ਨੌਜਵਾਨ ਵਿਅਕਤੀ ਦੀ ਸੜਕ ਹਾਦਸੇ ਦੌਰਾਨ ਮੌਤ ਹੋਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਿਕ ਮ੍ਰਿਤਕ ਨੌਜਵਾਨ ਰਵਿੰਦਰ ਸਿੰਘ ਆਪਣੇ ਘਰ ਦੇ ਬਾਹਰ ਖੜ੍ਹਾ ਸੀ, ਇੰਨੇ ਨੂੰ ਮਹਿਤਾ ਚੌਕ ਵੱਲੋਂ ਇਕ ਸਵਿਫਟ ਕਾਰ ਆਈ, ਜਿਸ ਨੂੰ ਮੋਨਾ ਨੌਜਵਾਨ ਚਲਾ ਰਿਹਾ ਸੀ। ਬਿਨਾਂ ਹਾਰਨ ਦਿੱਤੇ ਇਸ ਤੇਜ਼ ਰਫ਼ਤਾਰ ਕਾਰ ਨੇ ਰਵਿੰਦਰ ਸਿੰਘ ਨੂੰ ਲਪੇਟ ਵਿਚ ਲੈ ਲਿਆ ਅਤੇ 300 ਮੀਟਰ ਦੂਰ ਤਕ ਆਪਣੇ ਨਾਲ ਘਸੀਟ ਕੇ ਲੈ ਗਈ। ਇਸ ਦੌਰਾਨ ਰਵਿੰਦਰ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ। ਇੱਥੇ ਮੌਜੂਦ ਲੋਕਾਂ ਵੱਲੋਂ ਕਾਰ ਚਾਲਕ ਨੂੰ ਕਾਬੂ ਕਰ ਲਿਆ ਗਿਆ। ਉਧਰ ਥਾਣਾ ਮਹਿਤਾ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਕਾਰ ਡਰਾਈਵਰ ਪ੍ਰਭਜੀਤ ਸਿੰਘ ਵਿਰੁੱਧ ਮੁਕਦਮਾ ਦਰਜ ਕਰ ਲਿਆ ਹੈ।