ਬਰਨਾਲਾ ਤੋਂ ਜੱਜ ਦੇ ਪੁੱਤਰ ਅਗਮ ਨੇ ਲਾਅ ਟੈਸਟ ਵਿੱਚ ਮਾਰੀ ਬਾਜ਼ੀ

by

ਬਰਨਾਲਾ : ਬਰਨਾਲਾ ਦੇ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਵਿਰੇਂਦਰ ਅਗਰਵਾਲ ਦੇ ਪੁੱਤਰ ਅਗਮ ਅਗਰਵਾਲ ਨੇ ਆਲ ਇੰਡੀਆ ਲਾਅ ਐਂਟਰੈਂਸ ਟੈਸਟ (AILET) 'ਚੋਂ 83.5 ਅੰਕ ਪ੍ਰਾਪਤ ਕਰਕੇ ਦੇਸ਼ ਭਰ 'ਚੋਂ 5ਵਾਂ ਰੈਂਕ ਹਾਸਲ ਕੀਤਾ ਹੈ। ਜ਼ਿਕਰਯੋਗ ਹੈ ਕਿ ਨੈਸ਼ਨਲ ਲਾਅ ਯੂਨੀਵਰਸਿਟੀ (NLU) ਦਿੱਲੀ ਵਲੋਂ 5-ਸਾਲਾ ਬੀਏਐੱਲਐੱਲਬੀ ਕੋਰਸ ਲਈ ਲਏ ਗਏ ਇਸ ਟੈਸਟ ਨੂੰ ਪਾਸ ਕਰ ਕੇ ਆਪਣੀ ਸੀਟ ਪੱਕੀ ਕਰਨ ਵਾਲਾ ਅਗਮ ਪੰਜਾਬ ਦਾ ਇੱਕੋ-ਇੱਕ ਉਮੀਦਵਾਰ ਹੈ। ਐੱਨਐੱਲਯੂ ਦਿੱਲੀ 2008 'ਚ ਹੋਂਦ 'ਚ ਆਈ ਸੀ ਤੇ ਐੱਨਆਈਆਰਐੱਫ ਦੀ ਰੈਂਕਿੰਗ 'ਚ ਇਸ ਨੂੰ ਪੂਰੇ ਦੇਸ਼ 'ਚ ਲਾਅ ਦੇ ਖੇਤਰ 'ਚ ਦੂਸਰੀ ਸਭ ਤੋਂ ਚੰਗੀ ਸੰਸਥਾ ਐਲਾਨਿਆ ਗਿਆ ਹੈ।

ਏਆਈਐਲਈਟੀ 5 ਮਈ 2019 ਨੂੰ ਲਿਆ ਗਿਆ ਸੀ ਜਿਸ ਵਿਚ 18,583 ਉਮੀਦਵਾਰਾਂ ਵਲੋਂ ਪ੍ਰੀਖਿਆ ਦਿੱਤੀ ਗਈ ਸੀ। ਇਨ੍ਹਾਂ ਵਿਚੋਂ ਸਿਰਫ਼ 73 ਉਮੀਦਵਾਰਾਂ ਨੂੰ ਦਾਖ਼ਲੇ ਲਈ ਚੁਣਿਆ ਗਿਆ ਹੈ। ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਪਿਆਂ ਤੇ ਅਧਿਆਪਕਾਂ ਨੂੰ ਦਿੰਦਿਆਂ ਅਗਮ ਅਗਰਵਾਲ ਨੇ ਦੱਸਿਆ ਕਿ ਉਸ ਨੇ ਸਖ਼ਤ ਮਿਹਨਤ ਜ਼ਰੀਏ ਇਹ ਮੁਕਾਮ ਹਾਸਲ ਕੀਤਾ ਹੈ। ਅਗਮ ਨੇ ਦੱਸਿਆ ਕਿ ਉਸ ਦੇ ਪਿਤਾ ਵਲੋਂ ਹਮੇਸ਼ਾ ਦਿੱਤੀ ਗਈ ਸਹੀ ਸੇਧ ਤੇ ਪ੍ਰੇਰਨਾ ਸਦਕਾ ਹੀ ਉਸ ਦੇ ਹਿੱਸੇ ਇਹ ਸਫ਼ਲਤਾ ਆਈ ਹੈ। ਅਗਮ ਨੇ ਕਿਹਾ ਕਿ ਉਸ ਦਾ ਹਮੇਸ਼ਾ ਸੁਪਨਾ ਰਿਹਾ ਹੈ ਕਿ ਉਹ ਲੋੜਵੰਦਾਂ ਦੀ ਸੇਵਾ ਕਰੇ ਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ 'ਚ ਮਦਦ ਕਰੇ।

ਦੇਸ਼ ਦੀ ਨਾਮਵਰ ਸੰਸਥਾ ਨੈਸ਼ਨਲ ਲਾਅ ਯੂਨੀਵਰਸਿਟੀ 'ਚ ਦਾਖ਼ਲਾ ਮਿਲਣ ਨਾਲ ਉਸ ਦਾ ਇਹ ਸੁਪਨਾ ਪੂਰਾ ਹੋਣ ਜਾ ਰਿਹਾ ਹੈ।ਇਸ ਮੌਕੇ ਮਾਤਾ ਅਨੂੰ ਅਗਰਵਾਲ ਨੇ ਕਿਹਾ ਕਿ ਅਗਮ ਦੀ ਕਾਮਯਾਬੀ ਨਾਲ ਸਾਰੇ ਪਰਿਵਾਰ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ। ਉਸ ਨੇ ਆਪਣੀ ਪੜ੍ਹਾਈ ਦੌਰਾਨ ਟਿਊਸ਼ਨ ਕਲਾਸਾਂ ਨਹੀਂ ਲਗਾਈਆਂ ਸਗੋਂ ਆਪਣੀ ਮਿਹਨਤ ਸਦਕਾ ਪੂਰੇ ਦੇਸ਼ 'ਚੋਂ 5ਵੀਂ ਪੁਜ਼ੀਸ਼ਨ ਹਾਸਲ ਕੀਤੀ ਹੈ। ਇਸੇ ਤਰ੍ਹਾਂ ਹੀ ਆਪਣੀ ਲਗਨ ਤੇ ਮਿਹਨਤ ਸਦਕਾ ਹੀ ਬਾਰ੍ਹਵੀਂ 'ਚੋਂ 96 ਫ਼ੀਸਦੀ ਅੰਕ ਪ੍ਰਾਪਤ ਕੀਤੇ ਸਨ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਸਮੇਤ ਹੋਰਨਾਂ ਜੁਡੀਸ਼ੀਅਲ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਪੂਰੇ ਭਾਰਤ 'ਚ ਬਰਨਾਲਾ ਦਾ ਮਾਣ ਵਧਾਉਣ ਲਈ ਅਗਮ ਤੇ ਉਸਦੇ ਪਰਿਵਾਰ ਨੂੰ ਵਧਾਈ ਦਿੱਤੀ।