ਪੱਤਰ ਪ੍ਰੇਰਕ : ਚੰਡੀਗੜ੍ਹ 'ਚ ਭਾਵੇਂ ਕਿਸੇ ਵੀ ਪਾਰਟੀ ਨੇ ਹਾਲੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ ਪਰ ਭਾਜਪਾ ਨੇ ਚੁਣਾਵੀ ਚੋਣ ਮੈਦਾਨ 'ਚ ਬਿਗੁਲ ਵਜਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸਭ ਤੋਂ ਪਹਿਲਾਂ ਚੰਡੀਗੜ੍ਹ ਦੇ ਚੁਣਾਵੀ ਚੋਣ ਮੈਦਾਨ 'ਚ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤਰ ਰਹੇ ਹਨ। ਉਹ ਚੰਡੀਗੜ੍ਹ 'ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਗਠਜੋੜ ਖ਼ਿਲਾਫ਼ ਵੱਡੀ ਰੈਲੀ ਕਰ ਕੇ ਵਰਕਰਾਂ 'ਚ ਜੋਸ਼ ਭਰਨ ਆ ਰਹੇ ਹਨ। ਭਾਰਤੀ ਜਨਤਾ ਪਾਰਟੀ ਦੀ ਚੰਡੀਗੜ੍ਹ ਪ੍ਰਦੇਸ਼ ਇਕਾਈ ਨੂੰ ਦਿੱਲੀ 'ਚ ਪਾਰਟੀ ਹਾਈਕਮਾਂਡ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦਾ ਸੰਦੇਸ਼ ਮਿਲ ਚੁੱਕਾ ਹੈ। ਇਹ ਸੰਦੇਸ਼ ਮਿਲਦੇ ਹੀ ਚੰਡੀਗੜ੍ਹ 'ਚ ਰੈਲੀ ਦੀਆਂ ਤਿਆਰੀਆਂ ਜ਼ੋਰਾਂ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਇਹ ਰੈਲੀ ਸੈਕਟਰ-34 ਦੇ ਮੇਲਾ ਗਰਾਊਂਡ 'ਚ ਹੋਵੇਗੀ। ਦਿੱਲੀ ਤੋਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਨਾਲ ਜੁੜੀ ਟੀਮ ਰੈਲੀ ਗਰਾਊਂਡ ਦਾ ਦੌਰਾ ਕਰ ਚੁੱਕੀ ਹੈ। ਦਿੱਲੀ ਤੋਂ ਪਾਰਟੀ ਦੇ ਸੀਨੀਅਰ ਆਗੂ ਰੈਲੀ ਦੀ ਸਫਲਤਾ ਨੂੰ ਲੈ ਕੇ ਚੰਡੀਗੜ੍ਹ ਦੇ ਆਗੂਆਂ ਨਾਲ ਗੱਲਬਾਤ ਕਰ ਰਹੇ ਹਨ। ਰੈਲੀ ਦੀ ਤਰੀਕ ਹਾਲੇ ਨਿਰਧਾਰਿਤ ਨਹੀਂ ਹੋਈ ਹੈ ਪਰ ਉਸ ਨੂੰ ਦੇਖਦੇ ਹੋਏ ਤਿਆਰੀ ਸ਼ੁਰੂ ਕੀਤੀ ਜਾ ਚੁੱਕੀ ਹੈ। ਇਸ ਰੈਲੀ 'ਚ ਪਿਛਲੀਆਂ ਰੈਲੀਆਂ ਤੋਂ ਇਹ ਅੰਤਰ ਹੋਵੇਗਾ ਕਿ ਪਹਿਲੀਆਂ ਦੋਵੇਂ ਚੋਣਾਂ 'ਚ ਉਮੀਦਵਾਰ ਕਿਰਨ ਖੇਰ ਐਲਾਨੀ ਜਾ ਚੁੱਕੀ ਸੀ। ਇਸ ਵਾਰ ਹਾਲੇ ਕਿਸੇ ਦਾ ਨਾਂ ਤੈਅ ਨਹੀਂ ਹੋਇਆ ਹੈ।