ਨਿਊਜ਼ ਡੈਸਕ ( ਰਿੰਪੀ ਸ਼ਰਮਾ) ; ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੇ ਰੂਸ ਨੂੰ ਯੂਕਰੇਨ ’ਤੇ ਹਮਲਾ ਕਰਨ ਦੀ ਸਥਿਤੀ ਵਿਚ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਹੈ। ਵਾਈਟ ਹਾਊਸ ਦੀ ਪ੍ਰਧਾਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਸੰਕਟ ਨੂੰ ਘੱਟ ਕਰਨ ਲਈ ਇਕ ਰਾਜਨੀਤਕ ਹੱਲ ਤੱਕ ਪਹੁੰਚਣ ਦੀ ਦਿਸ਼ਾ ਵਿਚ ਸਰਗਰਮ ਰੂਪ ਵਿਚ ਕੰਮ ਕਰ ਰਹੇ ਹਾਂ। ਉਨ੍ਹਾਂ ਨੇ ਯੂਕਰੇਨ ਦੀਆਂ ਸੀਮਾਵਾਂ ’ਤੇ ਰੂਸ ਦੇ ਲਗਾਤਾਰ ਫੌਜੀ ਇਕੱਠ ਦੇ ਜਵਾਬ 'ਚ ਚੱਲ ਰਹੀਆਂ ਰਾਜਨੀਤਕ ਤੇ ਕੂਟਨੀਤਕ ਕੋਸ਼ਿਸ਼ਾਂ ਦੀ ਵੀ ਸਮੀਖਿਆ ਕੀਤੀ ਤੇ ਯੂਕਰੇਨ ਨੂੰ ਸਮਰਥਨ ਦੀ ਪੁਸ਼ਟੀ ਵੀ ਕੀਤੀ।
ਜੀਨ ਪਿਯਰੇ ਨੇ ਕਿਹਾ ਕਿ ਖਦਸ਼ਾ ਹੈ ਕਿ ਕਿਸੇ ਵੀ ਸਮੇਂ ਹਮਲਾ ਸ਼ੁਰੂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਕਿਸੇ ਵੀ ਸਥਿਤੀ ਦਾ ਟਾਕਰਾ ਕਰਨ ਲਈ ਤਿਆਰ ਹੈ। ਜੀਨ ਪਿਯਰੇ ਨੇ ਕਿਹਾ ਕਿ ਰਾਸ਼ਟਰਪਤੀ ਜੋਅ ਬਾਇਡਨ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਆਪਣੀ ਗੱਲਬਾਤ 'ਚ ਇਹ ਸਪੱਸ਼ਟ ਕੀਤਾ ਹੈ ਕਿ ਜੇਕਰ ਰੂਸ ਯੂਕਰੇਨ ’ਤੇ ਹਮਲਾ ਕਰਦਾ ਹੈ ਤਾਂ ਅਮਰੀਕਾ ਆਪਣੇ ਸਹਿਯੋਗੀਆਂ ਦੇ ਨਾਲ ਮਿਲ ਕੇ ਨਿਰਣਾਇਕ ਜਵਾਬ ਦੇਵੇਗਾ ਅਤੇ ਰੂਸ ਨੂੰ ਤੁਰੰਤ ਅਤੇ ਗੰਭੀਰ ਨਤੀਜੇ ਭੁਗਤਣੇ ਪੈਣਗੇ।