ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਅਮਰੀਕਾ ਵਿੱਚ ਇੱਕ ਜੱਜ ਨੇ ਆਰੇਗਨ 'ਚ ਵਿਅਕਤੀ ਨੂੰ ਸਿੱਖ ਸਮੂਹ ਦੇ ਇੱਕ ਵਿਅਕਤੀ 'ਤੇ ਹਮਲਾ ਕਰਨ ਦੇ ਜੁਰਮ 'ਚ ਸਜਾ ਸੁਣਾਈ ਹੈ। ਸੱਜਾ ਦੇ ਤੌਰ 'ਤੇ ਦੋਸ਼ੀ ਨੂੰ ਸਿੱਖ ਧਰਮ ਦੀ ਪੜ੍ਹਾਈ ਕਰਨ ਅਤੇ ਉਸ 'ਤੇ ਇੱਕ ਰਿਪੋਰਟ ਪੇਸ਼ ਕਰਨ ਨੂੰ ਕਿਹਾ ਗਿਆ ਹੈ। ਅਮਰੀਕਾ ਵਿੱਚ ਸਿੱਖ ਨਾਗਰਿਕ ਅਧਿਕਾਰਾਂ ਦੇ ਸਭ ਤੋਂ ਵੱਡੇ ਸੰਗਠਨ 'ਦ ਸਿੱਖ ਕੋਲਿਸ਼ਨ' ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ ਦੋਸ਼ੀ ਐਂਡਰਿਊ ਰਾਮਸੇ ਨੇ 14 ਜਨਵਰੀ ਨੂੰ ਹਰਵਿੰਦਰ ਸਿੰਘ ਡੋਡ ਨੂੰ ਧਮਕਾਉਣ ਅਤੇ ਉਨ੍ਹਾਂ 'ਤੇ ਹਮਲਾ ਕਰਨ ਦਾ ਜੁਰਮ ਕਬੂਲ ਕੀਤਾ।
ਬਿਆਨ 'ਚ ਕਿਹਾ ਗਿਆ ਕਿ ਧਮਕਾਉਣ ਦੇ ਇਲਜ਼ਾਮ ਨੂੰ ਨਫ਼ਰਤ ਦੋਸ਼ ਦੇ ਤੌਰ 'ਤੇ ਵੇਖਿਆ ਜਾਂਦਾ ਹੈ। ਗਵਾਹਾਂ ਦੇ ਅਨੁਸਾਰ ਡੋਡ ਨੇ ਬਿਨਾਂ ਪਹਿਚਾਣ ਪੱਤਰ ਦਿਖਾਏ ਰਾਮਸੇ ਨੂੰ ਸਿਗਰਟ ਵੇਚਣ ਤੋਂ ਮਨਾ ਕਰ ਦਿੱਤਾ ਸੀ। ਇਸ ਤੋਂ ਬਾਅਦ ਰਾਮਸੇ ਨੇ ਡੋਡ ਦੀ ਦਾੜੀ ਖਿੱਚੀ, ਉਨ੍ਹਾਂ ਨੂੰ ਮੁੱਕਾ ਮਾਰਿਆ ਅਤੇ ਜ਼ਮੀਨ 'ਤੇ ਸੁੱਟ ਦਿੱਤਾ। ਉੱਥੇ ਮੌਜੂਦ ਲੋਕਾਂ ਨੇ ਪੁਲਿਸ ਆਉਣ ਤੱਕ ਰਾਮਸੇ ਨੂੰ ਫੜ ਕੇ ਰੱਖਿਆ। ਡੋਡ ਭਾਰਤ ਤੋਂ ਅਮਰੀਕਾ ਆਏ ਹਨ ਅਤੇ ਇੱਥੇ ਉਨ੍ਹਾਂ ਦੀ ਇੱਕ ਦੁਕਾਨ ਹੈ।