ਮੁੜ ਉਠੀ ਐਲੀ ਮਾਂਗਟ ਤੇ ਰੰਧਾਵਾ ਬ੍ਰਦਰਜ਼ ਦੀ ਪੁਰਾਣੀ ਰੰਜ਼ਿਸ਼

by vikramsehajpal

ਚੰਡੀਗੜ੍ਹ,(ਦੇਵ ਇੰਦਰਜੀਤ) :ਪਿਛਲੇ ਸਾਲ ਪੰਜਾਬੀ ਗਾਇਕਾਂ ਲਈ ਕਾਫ਼ੀ ਵਿਵਾਦਿਤ ਰਿਹਾ। ਸਤੰਬਰ ਮਹੀਨੇ ਵਿਵਾਦਾਂ ਦੀ ਸ਼ੁਰੂਆਤ ਗਾਇਕ ਰੰਮੀ ਰੰਧਾਵਾ ਤੇ ਐਲੀ ਮਾਂਗਟ ਤੋਂ ਹੋਈ ਸੀ। ਦਰਅਸਲ ਰੰਮੀ ਰੰਧਾਵਾ ਨੇ ਆਪਣੇ ਇਕ ਸ਼ੋਅ ਦੌਰਾਨ ਐਲੀ ਮਾਂਗਟ ਨੂੰ ਮਾੜਾ ਬੋਲਿਆ, ਜਿਸ 'ਤੇ ਭੜਕੇ ਐਲੀ ਮਾਂਗਟ ਨੇ ਲਾਈਵ ਹੋ ਕੇ ਰੰਮੀ ਰੰਧਾਵਾ ਤੇ ਉਸ ਦੇ ਭਰਾ ਪ੍ਰਿੰਸ ਰੰਧਾਵਾ ਨੂੰ ਗਾਲ੍ਹਾਂ ਕੱਢੀਆਂ ਸਨ ਅਤੇ ਮਾਰਨ ਤਕ ਦੀ ਵੀ ਧਮਕੀ ਦੇ ਦਿੱਤੀ ਸੀ।

ਦੋਵਾਂ ਵਿਚਾਲੇ ਸੋਸ਼ਲ ਮੀਡੀਆ 'ਤੇ ਇਹ ਲੜਾਈ ਕਾਫ਼ੀ ਵੱਡੀ ਕੰਟਰੋਵਰਸੀ ਬਣੀ ਰਹੀ ਸੀ। ਰੰਮੀ ਰੰਧਾਵਾ ਨੇ ਐਲੀ ਮਾਂਗਟ ਨੂੰ ਇੰਨਾ ਕੁ ਉਕਸਾ ਦਿੱਤਾ ਕਿ ਐਲੀ ਮਾਂਗਟ ਨੂੰ ਗੁੱਸੇ 'ਚ ਨਿਊਜ਼ੀਲੈਂਡ ਤੋਂ ਇੰਡੀਆ ਆਉਣਾ ਪਿਆ, ਜਿਸ 'ਤੇ ਪੰਜਾਬ ਪੁਲਸ ਨੇ ਐਕਸ਼ਨ ਲਿਆ ਅਤੇ ਐਲੀ ਮਾਂਗਟ ਨੂੰ ਹਿਰਾਸਤ 'ਚ ਲੈ ਲਿਆ।

ਐਲੀ ਮਾਂਗਟ ਨੇ ਆਪਣੇ ਆਉਣ ਵਾਲੇ ਗੀਤ/ਪ੍ਰੋਜੈਕਟ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਨੂੰ ਵੇਖ ਕੇ ਗਾਇਕ ਰੰਮੀ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕਰ ਦਿੱਤੀ। ਅਸਲ 'ਚ ਐਲੀ ਮਾਂਗਟ ਨੇ ਪੋਸਟ 'ਚ ਲਿਖਿਆ 'ਕਹਿਣਾ ਕੁਝ ਨਹੀਂ ਕਰ ਕੇ ਦਿਖਾਉਣਾ, ਬਹੁਤ ਜਲਦੀ। ਡੇਢ ਸਾਲ ਚੁੱਪ ਰਹੇ ਹੁਣ ਤੂਫ਼ਾਨ ਉੱਠਣਾ।'

ਦੱਸ ਦਈਏ ਕਿ ਐਲੀ ਮਾਂਗਟ ਦੀ ਪੋਸਟ ਤੋਂ ਕੁਝ ਘੰਟਿਆਂ ਬਾਅਦ ਹੀ ਰੰਮੀ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਸਾਂਝੀ ਕੀਤੀ, ਜਿਸ 'ਚ ਉਸ ਨੇ ਲਿਖਿਆ 'ਹਾ ਹਾ ਹਾ ਹਾ ਮੈਂ ਸੁਣਿਆ ਕੋਈ ਤੂਫ਼ਾਨ ਆਉਣ ਵਾਲਾ ਡੇਢ ਸਾਲ ਬਾਅਦ, ਪੀਰਾ ਦੇ ਦੇਗ ਚੜ੍ਹਾਇਆ ਕਰ ਕਾਕਾ ਤੇਰੀ ਮਾਂ ਦੀਆਂ ਦੁਆਵਾਂ ਨੇ ਕੀ ਤੂੰ ਬੱਚ ਗਿਆ।'