ਬਠਿੰਡਾ:(ਹਰਮੀਤ)-ਖ਼ਾਲਿਸਤਾਨ ਦੇ ਨਾਂ ’ਤੇ ਫ਼ਿਰੌਤੀ ਮੰਗਣ ਵਾਲੇ ਵਿਅਕਤੀ ਨੂੰ CIA ਸਟਾਫ 1 ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦੇ ਦੋ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਫ਼ਿਰੌਤੀ ਮੰਗਣ ਵਾਲਾ ਉਕਤ ਕਿਸਾਨ ਦਾ ਸੀਰੀ ਨਿਕਲਿਆ। ਉਕਤ ਸੀਰੀ ਨੇ ਘਰ ਵਿਚ ਰੰਗ ਰੋਗਣ ਦਾ ਕੰਮ ਕਰ ਕੇ ਗਏ ਦੋ ਮਜ਼ਦੂਰਾਂ ਨਾਲ ਮਿਲ ਕੇ ਫ਼ਿਰੌਤੀ ਮੰਗਣ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਜਲਦੀ ਅਮੀਰ ਬਣਨ ਦੇ ਚੱਕਰ ’ਚ ਮੁਲਜ਼ਮਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਮੁਲਜ਼ਮਾਂ ਖ਼ਿਲਾਫ਼ ਥਾਣਾ ਫੂਲ ਵਿਖੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜਿਕਰਯੋਗ ਹੈ ਕਿ ਜ਼ਿਲ੍ਹਾ ਪੁਲਿਸ ਮੁਖੀ ਦੀਪਕ ਪਾਰੀਕ ਨੇ ਦੱਸਿਆ ਹੈ ਕਿ ਲੰਘੀ 20 ਮਈ ਨੂੰ ਥਾਣਾ ਫੂਲ ਦੇ ਇਲਾਕੇ ਵਿਚ ਰਹਿੰਦੇ ਇਕ ਵਿਅਕਤੀ ਨੂੰ ਧਮਕੀ ਭਰਿਆ ਪੱਤਰ ਮਿਲਿਆ ਸੀ। ਪੀੜਤ ਵਿਅਕਤੀ ਕੋਲੋਂ 6 ਲੱਖ ਰੁਪਏ ਦੀ ਫ਼ਿਰੌਤੀ ਮੰਗੀ ਗਈ ਸੀ ਤੇ ਪੈਸੇ ਨਾ ਦੇਣ ਦੀ ਸੂਰਤ ਵਿਚ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਪੁਲਿਸ ਕੋਲ ਦਰਜ ਕਰਵਾਏ ਬਿਆਨ ’ਚ ਪੀੜਤ ਨੇ ਦੱਸਿਆ ਸੀ ਕਿ ਉਕਤ ਧਮਕੀ ਭਰਿਆ ਪੱਤਰ ਕੋਈ ਅਣਪਛਾਤਾ ਵਿਅਕਤੀ ਉਸ ਦੇ ਸੀਰੀ ਕਰਮ ਸਿੰਘ ਨੂੰ ਦੇ ਕੇ ਗਿਆ ਹੈ।
ਇਸ ਆਪੇ੍ਰਸ਼ਨ ਦੀ ਅਗਵਾਈ SP (D) ਅਜੇ ਗਾਂਧੀ ਕਰ ਰਹੇ ਸਨ। DSP ਫੂਲ ਪ੍ਰਿਤਪਾਲ ਸਿੰਘ ਤੇ DSP (D) ਰਾਜੇਸ਼ ਸ਼ਰਮਾ ਦੀ ਅਗਵਾਈ ਹੇਠਲੀਆਂ ਪੁਲਿਸ ਟੀਮਾਂ ਨੇ ਵੱਖ-ਵੱਖ ਪਹਿਲੂਆਂ ’ਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪੂਰੇ ਮਾਮਲੇ ਦੀ ਪੜਤਾਲ ਤੋਂ ਬਾਅਦ ਖ਼ੁਲਾਸਾ ਹੋਇਆ ਕਿ ਉਕਤ ਕਿਸਾਨ ਕੋਲ ਫ਼ਿਰੌਤੀ ਮੰਗਣ ਵਾਲਾ ਉਸਦਾ ਸੀਰੀ ਕਰਮ ਸਿੰਘ ਹੀ ਸੀ। ਕਰਮ ਸਿੰਘ ਨੇ ਘਰ ਵਿਚ ਰੰਗ ਰੋਗਨ ਕੰਮ ਕਰ ਕੇ ਗਏ ਦੋ ਮਜ਼ਦੂਰਾਂ ਨਾਲ ਮਿਲ ਕੇ ਫ਼ਿਰੌਤੀ ਮੰਗਣ ਦੀ ਯੋਜਨਾ ਬਣਾਈ ਸੀ। ਜਿਸ ਤੋਂ ਬਾਅਦ ਫਿਲਮੀ ਸਟਾਈਲ ਵਿਚ ਕਰਮ ਸਿੰਘ ਨੇ ਆਪਣੇ ਮਾਲਕ ਨੂੰ ਧਮਕੀ ਭਰਿਆ ਪੱਤਰ ਦਿੱਤਾ ਸੀ, ਜਿਸ ’ਤੇ ਖ਼ਾਲਿਸਤਾਨ ਜ਼ਿੰਦਾਬਾਦ ਲਿਖਿਆ ਹੋਇਆ ਸੀ। ਪੁਲਿਸ ਅਧਿਕਾਰੀ ਨੂੰ ਅਨੁਸਾਰ ਮੁਲਜ਼ਮ ਕਰਮ ਸਿੰਘ ਪਿਛਲੇ 6, 7 ਸਾਲਾਂ ਤੋਂ ਪੀੜਤ ਜ਼ਿਮੀਂਦਾਰ ਦੇ ਘਰ ਸੀਰੀ ਵਜੋਂ ਕੰਮ ਕਰਦਾ ਸੀ। ਕੁਝ ਸਮਾਂ ਪਹਿਲਾਂ ਹੀ ਉਕਤ ਕਿਸਾਨ ਨੇ ਆਪਣੇ ਘਰ ਰੰਗ ਰੋਗਨ ਕਰਵਾਇਆ ਸੀ, ਜਿਸ ਕਾਰਨ ਕਰਮ ਸਿੰਘ ਦੀ ਦੋ ਮਜ਼ਦੂਰਾਂ ਨਾਲ ਚੰਗੀ ਜਾਣ ਪਛਾਣ ਹੋ ਗਈ। ਤਿੰਨਾਂ ਵਿਅਕਤੀਆਂ ਨੇ ਜਲਦੀ ਅਮੀਰ ਬਣਨ ਦਾ ਸੁਪਨਾ ਦੇਖਿਆ ਤੇ ਫ਼ਿਰੌਤੀ ਮੰਗਣ ਦੀ ਯੋਜਨਾ ਬਣਾ ਲਈ।