ਪੱਤਰ ਪ੍ਰੇਰਕ : ਗੁਰੂ ਨਗਰੀ ਅੰਮ੍ਰਿਤਸਰ ਵਿੱਚ ਅੱਜ ਉਸ ਸਮੇਂ ਤਣਾਅ ਦਾ ਮਾਹੌਲ ਬਣ ਗਿਆ ਜਦੋਂ ਕਾਨੂੰਨ ਦੇ ਰਾਖੇ ਇੱਕ ਪੁਲਿਸ ASI ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਤਫ਼ਤੀਸ਼ ਮਗਰੋਂ ਕਤਲ ਦੇ ਅਸਲ ਕਾਰਨ ਅਤੇ ਮੁੱਖ ਮੁਲਜ਼ਮ ਬਾਰੇ ਪਤਾ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਐੱਸਪੀ ਗੁਰਪ੍ਰਤਾਪ ਸਿੰਘ ਸਹੋਤਾ ਨੇ ਕਿਹਾ ਕਿ ASI ਦਾ ਕਤਲ ਨਿੱਜੀ ਰੰਜਿਸ਼ ਦੇ ਚੱਲਦੇ ਮੁਲਜ਼ਮ ਸ਼ਰਨਪ੍ਰੀਤ ਸਿੰਘ ਪੁੱਤਰ ਗੁਰਦੇਵ ਚੰਦ ਵਾਸੀ ਦਸ਼ਮੇਸ਼ ਨਗਰ ਨੇ ਗੋਲੀ ਮਾਰ ਕੇ ਕੀਤਾ ਹੈ।
ਕਤਲ ਮਗਰੋਂ ਮੁਲਜ਼ਮ ਹੋਇਆ ਫਰਾਰ : ਪੁਲਿਸ ਮੁਤਾਬਿਕ ਮੁਲਜ਼ਮ ਸ਼ਰਨਪ੍ਰੀਤ ਦਾ ਪਿਛਲੇ ਕਈ ਦਿਨਾਂ ਤੋਂ ਕਿਸੇ ਗੱਲ ਨੂੰ ਲੈ ਕੇ ਮ੍ਰਿਤਕ ASI ਸਰੂਪ ਸਿੰਘ ਨਾਲ ਫੋਨ ਉੱਤੇ ਲਗਾਤਾਰ ਝਗੜਾ ਚੱਲ ਰਿਹਾ ਸੀ। ਇਸ ਤੋਂ ਇਲਾਵਾ ਮੁਲਜ਼ਮ ਸ਼ਰਨਪ੍ਰੀਤ ਸਿੰਘ ਨੇ ਪੂਰੀ ਯੋਜਨਾ ਤਹਿਤ ਮੌਕੇ ਮਿਲਣ ਉੱਤੇ ਪਿੰਡ ਖਾਨਕੋਟ ਵਿੱਚ ਡਿਊਟੀ 'ਤੇ ਜਾ ਰਹੇ ASI ਸਰੂਪ ਸਿੰਘ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ।
ਪੁਲਿਸ ਦਾ ਕਹਿਣਾ ਹੈ ਕਿ ASI ਸਰੂਪ ਸਿੰਘ ਦਿਵਾਲੀ ਮੌਕੇ ਛੁੱਟੀ ਉੱਤੇ ਸਨ ਅਤੇ ਫਿਲਹਾਲ ਉਨ੍ਹਾਂ ਨੇ ਡਿਊਟੀ ਜੁਆਇਨ ਨਹੀਂ ਕੀਤੀ ਸੀ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਪਹਿਚਾਣ ਕਰ ਲਈ ਗਈ ਹੈ ਪਰ ਫਿਲਹਾਲ ਉਸ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਕਿਉਂਕਿ ਵਾਰਦਾਤ ਮਗਰੋਂ ਉਹ ਫਰਾਰ ਚੱਲ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁੱਖ ਮੁਲਜ਼ਮ ਦੀ ਗ੍ਰਿਫਤਾਰੀ ਤੋਂ ਬਾਅਦ ਮਾਮਲੇ ਵਿੱਚ ਜੇਕਰ ਕਿਸੇ ਹੋਰ ਦੀ ਵੀ ਸ਼ਮੂਲੀਅਤ ਪਾਈ ਜਾਂਦੀ ਹੈ ਤਾਂ ਉਸ ਨੂੰ ਕਾਬੂ ਕੀਤਾ ਜਾਵੇਗਾ।
ਹਥਿਆਰ ਵੀ ਕੀਤਾ ਜਾਵੇਗਾ ਬਰਾਮਦ: ਐੱਸਪੀ ਗੁਰਪ੍ਰਤਾਪ ਸਿੰਘ ਸਹੋਤਾ ਅੱਗੇ ਕਿਹਾ ਕਿ ਮੁਲਜ਼ਮ ਦੀ ਭਾਲ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਅਤੇ ਇਹ ਟੀਮਾਂ ਜੰਗੀ ਪੱਧਰ ਉੱਤੇ ਮੁਲਜ਼ਮ ਦੀ ਭਾਲ ਵਿੱਚ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਮਗਰੋਂ ਉਹ ਹਥਿਆਰ ਵੀ ਬਰਾਮਦ ਕੀਤਾ ਜਾਵੇਗਾ ਜਿਸ ਨਾਲ ASI ਦਾ ਕਤਲ ਕਰਨ ਲਈ ਗੋਲੀ ਦਾਗੀ ਗਈ ਸੀ।