ਟਾਰਾਂਟੋ (ਦੇਵ ਇੰਦਰਜੀਤ) : ਲਿਬਰਲ ਆਗੂ ਜਸਟਿਨ ਟਰੂਡੋ ਤੇ ਉਨ੍ਹਾਂ ਦੀ ਪਾਰਟੀ ਇੱਕ ਵਾਰੀ ਮੁੜ ਜਿੱਤ ਹਾਸਲ ਕਰਨ ਵਿੱਚ ਕਾਮਯਾਬ ਹੋ ਗਈ ਹੈ ਪਰ ਇੱਕ ਵਾਰੀ ਫਿਰ ਲਿਬਰਲਾਂ ਨੂੰ ਬਹੁਮਤ ਹਾਸਲ ਨਹੀਂ ਹੋ ਸਕਿਆ। ਕੋਵਿਡ-19 ਮਹਾਂਮਾਰੀ ਤੋਂ ਦੇਸ਼ ਨੂੰ ਬਾਹਰ ਕੱਢਣ ਲਈ ਲਿਬਰਲਾਂ ਨੇ ਕੁੱਝ ਨਵੇਂ ਪ੍ਰੋਗਰਾਮਾਂ ਉੱਤੇ ਕਈ ਬਿਲੀਅਨ ਡਾਲਰ ਖਰਚ ਕਰਨ ਦਾ ਵਾਅਦਾ ਕੀਤਾ ਹੈ।
ਲਿਬਰਲਾਂ ਨੇ ਜਿਸ ਪਲੇਟਫਾਰਮ ਉੱਤੇ ਜਿੱਤ ਹਾਸਲ ਕੀਤੀ ਉਸ ਵਿੱਚ ਛੇ ਮੁੱਖ ਮੁੱਦਿਆਂ ਦੇ ਸਬੰਧ ਵਿੱਚ ਵਾਅਦੇ ਕੀਤੇ ਗਏ, ਇਹ ਛੇ ਮੁੱਦੇ ਸਨ ਮਹਾਂਮਾਰੀ, ਕਲਾਈਮੇਟ ਚੇਂਜ, ਹਾਊਸਿੰਗ, ਹੈਲਥ ਕੇਅਰ, ਇਕੀਨਮੀ ਤੇ ਰੀਕੌਂਸੀਲੀਏਸ਼ਨ।ਲਿਬਰਲਾਂ ਦੀ ਤੀਜੀ ਟਰਮ ਤੋਂ ਕੈਨੇਡੀਅਨ ਹੇਠ ਲਿਖੇ ਵਾਅਦੇ ਪੂਰੇ ਹੋਣ ਦੀ ਉਮੀਦ ਕਰ ਸਕਦੇ ਹਨ।
ਲਿਬਰਲਾਂ ਨੇ ਹਜ਼ਾਰਾਂ ਨਵੇਂ ਪਰਸਨਲ ਸਪੋਰਟ ਵਰਕਰਜ਼ ਨੂੰ ਸਿਖਲਾਈ ਦੇਣ ਤੇ ਉਨ੍ਹਾਂ ਦੀਆਂ ਤਨਖਾਹਾਂ ਵਿੱਚ ਵਾਧੇ ਲਈ 9 ਬਿਲੀਅਨ ਡਾਲਰ ਖਰਚਣ ਦਾ ਵਾਅਦਾ ਕੀਤਾ। ਪਾਰਟੀ ਨੇ ਫੈਡਰਲ ਵਰਕਰਜ਼ ਲਈ 10 ਦਿਨ ਦੀ ਪੇਡ ਸਿੱਕ ਲੀਵ ਦਾ ਵਾਅਦਾ ਵੀ ਕੀਤਾ। ਇਸ ਤੋਂ ਇਲਾਵਾ ਸਕੂਲਾਂ ਵਿੱਚ ਵੈਂਟੀਲੇਸ਼ਨ ਵਿੱਚ ਸੁਧਾਰਨ ਕਰਨ ਤੇ ਅਜਿਹੇ ਬਿਜ਼ਨਸਿਜ਼ ਲਈ ਲੀਗਲ ਪ੍ਰੋਟੈਕਸ਼ਨ ਮੁਹੱਈਆ ਕਰਵਾਉਣ ਲਈ ਫੰਡ ਦੇਣ ਦਾ ਵਾਅਦਾ ਵੀ ਕੀਤਾ ਜਿਨ੍ਹਾਂ ਵੱਲੋਂ ਵੈਕਸੀਨੇਸ਼ਨਜ਼ ਨੂੰ ਲਾਜ਼ਮੀ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਲਿਬਰਲਾਂ ਨੇ ਕੋਵਿਡ-19 ਦੇ ਸਿਹਤ ਉੱਤੇ ਦੇਰ ਤੱਕ ਰਹਿਣ ਵਾਲੇ ਅਸਰ ਦੇ ਅਧਿਐਨ ਲਈ 100 ਮਿਲੀਅਨ ਡਾਲਰ ਦਾ ਵਾਅਦਾ ਵੀ ਕੀਤਾ। ਪਾਰਟੀ ਵੱਲੋਂ ਪ੍ਰੋਵਿੰਸ਼ੀਅਲ ਵੈਕਸੀਨ ਪਾਸਪੋਰਟਸ ਲਈ 1 ਬਿਲੀਅਨ ਡਾਲਰ ਮੁਹੱਈਆ ਕਰਵਾਉਣ ਦਾ ਵਾਅਦਾ ਵੀ ਕੀਤਾ ਗਿਆ।
ਕੈਨੇਡਾ ਦੇ ਹਾਊਸਿੰਗ ਸੰਕਟ ਲਈ ਲਿਬਰਲਾਂ ਨੇ ਅਗਲੇ ਚਾਰ ਸਾਲਾਂ ਵਿੱਚ 1·4 ਮਿਲੀਅਨ ਘਰ ਤਿਆਰ ਕਰਨ, ਸਹੇਜਣ ਜਾਂ ਉਨ੍ਹਾਂ ਦੀ ਮੁਰੰਮਤ ਕਰਵਾਉਣ ਦਾ ਵਾਅਦਾ ਕੀਤਾ। ਇਸ ਤੋਂ ਇਲਾਵਾ ਲਿਬਰਲਾਂ ਵੱਲੋਂ ਨੈਸ਼ਨਲ ਹਾਊਸਿੰਗ ਕੋ-ਇਨਵੈਸਟਮੈਂਟ ਫੰਡ ਲਈ 2·7 ਬਿਲੀਅਨ ਡਾਲਰ ਦੇਣ ਦਾ ਵਾਅਦਾ ਵੀ ਕੀਤਾ ਗਿਆ ਹੈ।ਕੈਨੇਡੀਅਨਜ਼ ਨੂੰ ਨਵੇਂ ਘਰ ਲੈਣ ਵਿੱਚ ਮਦਦ ਕਰਨ ਲਈ ਲਿਬਰਲ ਲੋਨਜ਼ ਦੇ ਰੂਪ ਵਿੱਚ ਇੱਕ ਬਿਲੀਅਨ ਡਾਲਰ ਤੱਕ ਮੁਹੱਈਆ ਕਰਵਾਉਣਗੇ।
ਲਿਬਰਲਾਂ ਨੇ ਇਹ ਵੀ ਵਾਅਦਾ ਕੀਤਾ ਹੈ ਕਿ ਉਹ ਹਰੇਕ ਕੈਨੇਡੀਅਨ ਦੀ ਫੈਮਿਲੀ ਡਾਕਟਰ ਤੱਕ ਪਹੁੰਚ ਯਕੀਨੀ ਬਣਾਉਣਗੇ ਤੇ ਇਹ ਵੀ ਪੱਕਾ ਕਰਨਗੇ ਕਿ ਡਾਕਟਰੀ ਨੁਸਖੇ ਵਾਲੀਆਂ ਦਵਾਈਆਂ ਕੈਨੇਡੀਅਨ ਸੁਖਾਲੇ ਢੰਗ ਨਾਲ ਅਫੋਰਡ ਕਰ ਸਕਣ।ਪੰਜ ਸਾਲਾਂ ਵਿੱਚ 3 ਬਿਲੀਅਨ ਡਾਲਰ ਲਾਂਗ ਟਰਮ ਕੇਅਰ ਦਾ ਮਿਆਰ ਸੁਧਾਰਨ ਲਈ ਵੀ ਖਰਚੇ ਜਾਣਗੇ।
ਜਦੋਂ ਮਾਨਸਿਕ ਸਿਹਤ ਦੀ ਗੱਲ ਆਉਂਦੀ ਹੈ ਤਾਂ ਉਸ ਸਮੇਂ ਲਿਬਰਲਾਂ ਵੱਲੋਂ ਮੈਂਟਲ ਹੈਲਥ ਤੇ ਪੀਟੀਐਸਡੀ ਪੋ੍ਰਜੈਕਟਸ ਲਈ ਲਿਬਰਲਾਂ ਵੱਲੋਂ 150 ਮਿਲੀਅਨ ਡਾਲਰ ਖਰਚਣ ਦਾ ਵਾਅਦਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੈਨੇਡਾ ਮੈਂਟਲ ਹੈਲਥ ਟਰਾਂਸਫਰ ਲਈ ਅਗਲੇ ਪੰਜ ਸਾਲਾਂ ਵਿੱਚ 4·5 ਬਿਲੀਅਨ ਡਾਲਰ ਦੇਣ ਦਾ ਵੀ ਲਿਬਰਲਾਂ ਵੱਲੋਂ ਵਾਅਦਾ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਲਿਬਰਲਾਂ ਨੇ ਮਹਾਂਮਾਰੀ ਦੌਰਾਨ ਖ਼ਤਮ ਹੋਈਆਂ ਇੱਕ ਮਿਲੀਅਨ ਨੌਕਰੀਆਂ ਬਹਾਲ ਕਰਨ ਦਾ ਵਾਅਦਾ ਵੀ ਕੀਤਾ। ਇਸ ਤੋਂ ਪਹਿਲਾਂ ਲਿਬਰਲਾਂ ਨੇ ਇੰਡੀਜੀਨਸ ਕਮਿਊਨਿਟੀਜ਼ ਲਈ ਜਿ਼ੰਦਗੀ ਦੇ ਮਿਆਰ ਨੂੰ ਸੁਧਾਰਨ ਤੇ ਉਨ੍ਹਾਂ ਲਈ ਨਵੇਂ ਮੌਕੇ ਮੁਹੱਈਆ ਕਰਵਾਉਣ ਵਾਸਤੇ ਪੰਜ ਸਾਲਾਂ ਵਿੱਚ 18 ਬਿਲੀਅਨ ਡਾਲਰ ਖਰਚ ਕਰਨ ਦਾ ਕਰਾਰ ਵੀ ਕੀਤਾ ਸੀ।
ਟਰੂਡੋ ਤੇ ਲਿਬਰਲਾਂ ਨੇ ਕੌਮੀ ਪੱਧਰ ਉੱਤੇ ਗ੍ਰੀਨਹਾਊਸ ਗੈਸਾਂ ਦੇ ਰਿਸਾਅ ਨੂੰ 2005 ਤੋਂ ਪਹਿਲਾਂ ਵਾਲੇ 40 ਤੇ 45 ਫੀ ਸਦੀ ਵਾਲੇ ਪੱਧਰ ਉੱਤੇ ਲਿਆਉਣ ਦਾ ਵਾਅਦਾ ਕੀਤਾ। ਇਸ ਤੋਂ ਇਲਾਵਾ ਪਾਰਟੀ ਨੇ ਕਾਰਬਨ ਪ੍ਰਾਈਸਿੰਗ ਵਿੱਚ ਵਾਧਾ ਕਰਨ ਤੇ ਫੌਸਿਲ ਫਿਊਲ ਇੰਡਸਟਰੀ ਨੂੰ ਇਸ ਰਿਸਾਅ ਨੂੰ ਘਟਾਉਣ ਦਾ ਐਲਾਨ ਵੀ ਕੀਤਾ। ਇਲੈਕਟ੍ਰਿਕ ਵ੍ਹੀਕਲਜ਼ ਲਈ ਲਿਬਰਲਾਂ ਵੱਲੋਂ 1·5 ਬਿਲੀਅਨ ਡਾਲਰ ਦੇ ਰਿਬੇਟ ਪ੍ਰੋਗਰਾਮ ਦਾ ਵਾਅਦਾ ਵੀ ਕੀਤਾ ਜਾ ਰਿਹਾ ਹੈ।