ਨਵੀਂ ਦਿੱਲੀ (ਦੇਵ ਇੰਦਰਜੀਤ) - 26 ਜਨਵਰੀ ਦੀ ਟਰੈਕਟਰ ਪਰੇਡ ਤੋਂ ਬਾਅਦ ਕਿਸਾਨ ਜਥੇਬੰਦੀ ਦੇ ਆਗੂ ਪ੍ਰੇਮ ਸਿੰਘ ਭੰਗੂ ਨੇ ਅੱਜ ਕਿਸਾਨੀ ਸਟੇਜ ਤੋਂ ਲੋਕਾਂ ਨੂੰ ਸੰਬੰਧਿਤ ਕੀਤਾ, ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ 26 ਜਨਵਰੀ ਦੇ ਦਿਨ ਨੂੰ ਅਸੀਂ ਬੇਸਬਰੀ ਨਾਲ ਉਡੀਕ ਰਹੇ ਸੀ, ਜਿਵੇਂ ਪੂਰੇ ਪੰਜਾਬ ਦੇ ਸਾਰੇ ਪਿੰਡਾਂ ਵਿਚ 26 ਜਨਵਰੀ ਦੀਆਂ ਤਿਆਰੀਆਂ ਚਲ ਰਹੀਆਂ ਸਨ ਤਾਂ ਦੂਜੇ ਪਾਸੇ ਸਰਕਾਰ ਵੀ ਬਹੁਤ ਵੱਡੀ ਕਿਸਾਨਾਂ ਖਿਲਾਫ਼ ਤਿਆਰੀ ਕਰ ਰਹੀ ਸੀ ਤੇ ਜਿਸਦਾ ਨਤੀਜਾ ਅਸੀਂ ਕੱਲ੍ਹ ਲਾਲ ਕਿਲੇ ‘ਤੇ ਦੇਖ ਚੁੱਕੇ ਹਾਂ।
ਉਨ੍ਹਾਂ ਕਿਹਾ ਕਿ 22 ਜਨਵਰੀ ਨੂੰ ਸਾਡੀ ਸਰਕਾਰ ਨਾਲ ਗੱਲਬਾਤ ਹੋ ਰਹੀ ਸੀ, ਸਰਕਾਰ ਵੱਲੋਂ ਇਕ-ਇਕ ਦਲੀਲ ਤੋਂ ਭੱਜਿਆ ਜਾ ਰਿਹਾ ਸੀ ਤਾਂ ਸਰਕਾਰ ਨੇ ਕਿਹਾ ਕਿ ਤੁਸੀਂ 26 ਜਨਵਰੀ ਦੀ ਰੈਲੀ ਦੀ ਤਿਆਰੀ ਕਰੋ ਅਤੇ ਸਰਕਾਰ ਅਪਣੀ ਤਿਆਰੀ ਕਰੇਗੀ ਜਿਸਦਾ ਨਤੀਜਾ ਕੱਲ੍ਹ ਤੁਹਾਡੇ ਸਾਹਮਣੇ ਆ ਚੁੱਕਾ ਹੈ ਪਰ ਇਸ ਇਮਤਿਹਾਨ ਵਿਚ ਕਿਸਾਨ ਆਗੂਆਂ, ਨੌਜਵਾਨ, ਭੈਣਾਂ ਅਤੇ ਬੀਬੀਆਂ ਨੇ ਫ਼ਤਿਹ ਹਾਸਲ ਕੀਤੀ ਹੈ। ਪ੍ਰੇਮ ਸਿੰਘ ਨੇ ਕਿਹਾ ਕਿ ਕੇਂਦਰ ਦੀ ਜਾਬਰ ਸਰਕਾਰ ਅਤੇ ਉਸਦੀਆਂ ਪਿੱਠੂ ਜਥੇਬੰਦੀਆਂ ਦੀ ਹਾਰ ਹੋਈ ਹੈ ਅਤੇ ਤੁਹਾਡੇ ਵਿਚ ਬੈਠੇ ਲੋਕ ਵੀ ਬੇਨਕਾਬ ਹੋ ਗਏ ਹਨ।
ਪ੍ਰੇਮ ਸਿੰਘ ਨੇ ਕਿਹਾ ਕਿ ਇਹ ਘਟਨਾ ਸਰਕਾਰ ਵੱਲੋਂ ਹੀ ਕਰਵਾਈ ਗਈ ਕਿਉਂਕਿ ਸਰਕਾਰ ਨੇ ਲਾਲ ਕਿਲੇ ਦੀ ਰਾਖੀ ਕਰਨ ਦੀ ਬਜਾਏ ਦੇਸ਼ ਵਿਰੋਧੀ ਤਾਕਤਾਂ ਦੇ ਹੱਥਾਂ ਵਿਚ ਦਿੱਤਾ ਸੀ, ਕਿਸਾਨ ਅੰਦੋਲਨ ਵਿਰੁੱਧ ਇਸਤੋਂ ਵੱਡੀ ਸਾਜਿਸ਼ ਹੋਰ ਕੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਹ ਕਿਆਸ ਲਗਾਏ ਜਾ ਰਹੇ ਸੀ ਕਿ 26 ਜਨਵਰੀ ਤੋਂ ਬਾਅਦ ਕਿਸਾਨ ਆਪਣੇ ਘਰਾਂ ਨੂੰ ਵਾਪਸ ਪਰਤ ਜਾਣਗੇ ਪਰ ਇਸ ਅੰਦੋਲਨ ਵਿਚ ਠਾਠਾਂ ਮਾਰਦੇ ਇਕੱਠ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਕਿਸਾਨ ਜਥੇਬੰਦੀਆਂ ਦੀ ਰਹਿਨੁਮਾਈ ਹੇਠ ਇਹ ਸ਼ਾਂਤਮਈ ਅੰਦੋਲਨ ਨੂੰ ਬੁਲੰਦ ਕਰ ਰਹੇ ਹਨ।