ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਗਾ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਸ਼ਰਾਬ ਦੇ ਨਸ਼ੇ 'ਚ ਧੁੱਤ ਇੱਕ ਵਿਅਕਤੀ ਨੇ ਆਪਣੀ ਸੁੱਤੀ ਹੋਈ ਪਤਨੀ ਦੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜਖ਼ਮੀ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਗੰਭੀਰ ਹਾਲਤ 'ਚ ਮਹਿਲਾ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ, ਉੱਥੇ ਡਾਕਟਰਾਂ ਵਲੋਂ ਉਸ ਦੇ 90 ਤੋਂ ਵੱਧ ਟਾਂਕੇ ਲਗਾਏ ਗਏ ਹਨ ।
ਸੂਚਨਾ ਮਿਲਦੇ ਹੀ ਪੁਲਿਸ ਨੇ ਪਤਨੀ ਦੇ ਬਿਆਨਾਂ 'ਤੇ ਪਤੀ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਰਮਨਦੀਪ ਕੌਰ ਨੇ ਦੱਸਿਆ ਕਿ ਉਸ ਦੇ ਪਿਤਾ ਗੁਤਜੰਟ ਸਿੰਘ ਤੇ ਮਾਤਾ ਰਣਜੀਤ ਤੇ ਮਾਤਾ ਰਣਜੀਤ ਕੌਰ ਦੀ ਮੌਤ ਹੋ ਚੁੱਕੀ ਹੈ। ਇਸ ਲਈ ਉਸ ਦਾ ਵਿਆਹ 15 ਸਾਲ ਦੀ ਉਮਰ 'ਚ ਹੀ ਰਿਸ਼ਤੇਦਾਰਾਂ ਨੇ ਅਮਨਦੀਪ ਸਿੰਘ ਨਾਲ ਕਰ ਦਿੱਤਾ ਗਿਆ ਸੀ।
ਵਿਆਹ ਤੋਂ ਬਾਅਦ ਉਸ ਦੇ 2 ਬੱਚੇ ਹੋਏ । ਪਤੀ ਅਮਨਦੀਪ ਸਿੰਘ ਮਜ਼ਦੂਰੀ ਕਰਦਾ ਸੀ ,ਜਦਕਿ ਉਹ ਦਿਹਾੜੀ ਕਰਨ ਦੇ ਨਾਲ ਲੋਕਾਂ ਦੇ ਘਰਾਂ 'ਚ ਵੀ ਕੰਮ ਕਰਦੀ ਹੈ । ਪੀੜਤਾ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਸ ਦੇ ਪਤੀ ਨੇ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਸੀ । ਪਹਿਲਾਂ ਸ਼ਰਾਬ ਪੀਂਦਾ ਪਰ ਹੁਣ ਉਹ ਨਸ਼ੇ ਦੇ ਟੀਕੇ ਲਗਾਉਂਦਾ ।
ਇਸ ਦੌਰਾਨ ਜਦੋ ਹੁਣ ਉਸ ਨੇ ਨਸ਼ੇ ਲਈ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਦੇਰ ਰਾਤ ਜਦੋ ਉਸ ਦਾ ਪਤੀ ਨਸ਼ੇ ਦੀ ਹਾਲਤ 'ਚ ਘਰ ਆਇਆ ਤੇ ਉਸ ਦੇ ਸੁੱਤੀ ਪਈ ਦੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।