ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਰਦਾਸਪੁਰ ਦੇ ਇੱਕ ਪਿੰਡ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਇੱਕ ਪਤੀ- ਪਤਨੀ ਨੇ 5 ਸਾਲਾਂ 'ਚ 1 ਕਰੋੜ ਰੁਪਏ ਖ਼ਰਚ ਕਰਕੇ ਹੈਰੋਇਨ ਦਾ ਨਸ਼ਾ ਕੀਤਾ। ਹਾਲਾਂਕਿ ਪਤੀ ਨੇ ਨਸ਼ਾ ਛੁਡਾਊ ਕੇਂਦਰ 'ਚ ਇਲਾਜ ਤੋਂ ਬਾਅਦ ਨਸ਼ਾ ਛੱਡ ਦਿੱਤਾ ਪਰ ਹੁਣ ਪਤਨੀ ਨੇ ਵੀ ਬੱਚਿਆਂ ਲਈ ਨਸ਼ੇ ਤੋਂ ਦੂਰ ਜਾਣ ਦਾ ਮਨ ਬਣਾ ਲਿਆ ਹੈ।
ਉੱਥੇ ਹੀ ਜੋੜੇ ਨੇ ਕਿਹਾ ਕਿ ਨਸ਼ਾ ਛੱਡਣ ਤੋਂ ਬਾਅਦ ਉਹ ਸਾਰੇ ਨੌਜਵਾਨਾਂ ਨੂੰ ਨਸ਼ੇ ਨੂੰ ਲੈ ਕੇ ਜਾਗਰੂਕ ਕਰਨਗੇ। ਨਸ਼ਾ ਛੁਡਾਉ ਕੇਂਦਰ ਦਾਖ਼ਲ ਮਹਿਲਾ ਨੇ ਕਿਹਾ ਕਿ ਸਾਲ 2017 'ਚ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ ਤੇ ਉਨ੍ਹਾਂ ਦੇ ਇਲਾਜ਼ 'ਚ 2 ਲੱਖ ਰੁਪਏ ਦਾ ਕਰਜ਼ਾ ਲੈਣ ਤੋਂ ਇਲਾਵਾ ਘਰ ਵੀ ਗਹਿਣੇ ਰੱਖਿਆ ਹੋਇਆ ਸੀ ।
ਉਹ ਖੁਦ ਵਿਆਹ ਸਮਾਗਮਾਂ 'ਚ ਹਿੱਸਾ ਲੈਂਦੀ ਸੀ ਪਰ ਕਰਜ਼ਾ ਹੋਰ ਵੱਧ ਗਿਆ । ਜਿਸ ਕਾਰਨ ਉਹ ਪ੍ਰੇਸ਼ਾਨ ਰਹਿਣ ਲੱਗੀ। ਉਸ ਦੀ ਇੱਕ ਸਹੇਲੀ ਕਾਫੀ ਸਮੇ ਤੋਂ ਨਸ਼ਾ ਕਰਦੀ ਸੀ, ਜਦੋ ਉਸ ਨੇ ਮੈਨੂੰ ਪ੍ਰੇਸ਼ਾਨ ਦੇਖਿਆ ਤਾਂ ਉਸ ਨੇ ਕਿਹਾ ਨਸ਼ਾ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ ।ਇੱਕ ਦਿਨ ਉਸ ਨੇ ਵੀ ਆਪਣੀ ਸਹੇਲੀ ਨਾਲ ਹੈਰੋਇਨ ਦਾ ਨਸ਼ਾ ਕੀਤਾ ਤੇ ਉਸ ਤੋਂ ਬਾਅਦ ਇਹ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਿਹਾ ।
ਮਹਿਲਾ ਅਨੁਸਾਰ ਉਸ ਨੇ ਇੱਕ ਦਿਨ ਆਪਣੇ ਪਤੀ ਨੂੰ ਵੀ ਹੈਰੋਇਨ ਦਾ ਨਸ਼ਾ ਕਰਨ ਲਈ ਮਨ ਲਿਆ। ਇਸ ਤੋਂ ਬਾਅਦ ਦੋਵੇ ਨਸ਼ਾ ਕਰਨ ਲੱਗੇ । ਹੁਣ ਤੱਕ ਦੋਵੇ ਪਤੀ -ਪਤਨੀ 1ਕਰੋੜ ਰੁਪਏ ਦਾ ਨਸ਼ਾ ਕਰ ਚੁੱਕੇ ਹਨ ਪਰ ਹੁਣ ਉਸ ਦੇ ਪਤੀ ਨੇ ਨਸ਼ਾ ਛੱਡ ਦਿੱਤਾ ਹੈ ।