ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਸਮੇਤ ਗੁਆਂਢੀ ਸੂਬਿਆਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ’ਚ ਗਰਮੀ ਦਾ ਕਹਿਰ ਵੱਧਣ ਲੱਗਿਆ ਹੈ, ਜਿਸ ਨਾਲ ਆਮ ਬੰਦੇ ਦੀ ਜ਼ਿੰਦਗੀ ਦੁੱਭਰ ਹੋਣ ਲੱਗੀ ਹੈ। ਇਸ ਗਰਮੀ ਨੇ ਦੁਪਹਿਰ ਵੇਲੇ ਲੋਕਾਂ ਨੂੰ ਘਰਾਂ ’ਚੋਂ ਬਾਹਰ ਨਾ ਨਿਕਲਣ ਲਈ ਮਜਬੂਰ ਕਰ ਦਿੱਤਾ ਹੈ। ਸੂਬੇ ’ਚ ਬੀਤੇ ਦਿਨ ਤਾਪਮਾਨ 38.21 ਡਿਗਰੀ ਰਿਹਾ ਹੈ। ਮੌਸਮ ਮਹਿਕਮੇ ਅਨੁਸਾਰ ਇਸ ਦੇ ਐਤਵਾਰ ਤੱਕ 40 ਤੋਂ 41 ਡਿਗਰੀ ਹੋਣ ਦਾ ਖਦਸ਼ਾ ਖੜ੍ਹਾ ਹੋ ਗਿਆ ਹੈ, ਜਿਸ ਨਾਲ ਅਗਲੇ ਦਿਨਾਂ ’ਚ ਗਰਮੀ ਅਤੇ ਲੂ ਦੇ ਹੋਰ ਵੱਧਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਦੇ ਮੁਤਾਬਕ ਅਗਲੇ ਦਿਨਾਂ ’ਚ ਮੌਸਮ ’ਚ ਤਬਦੀਲੀ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਰਾਤ ਦਾ ਪਾਰਾ 23 ਤੋਂ 25 ਡਿਗਰੀ ਰਹਿਣ ਲੱਗਿਆ ਹੈ, ਜਦੋਂ ਕਿ ਦਿਨ ਵੇਲੇ ਇਹ ਔਸਤ 38 ਤੋਂ 39 ਡਿਗਰੀ ਦੇ ਦਰਮਿਆਨ ਰਹਿਣ ਲੱਗਿਆ ਹੈ। ਇਸੇ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਗਰਮ ਲੂ ਤੋਂ ਬਚਣ ਲਈ ਲੋਕ ਵੱਧ ਤੋਂ ਵੱਧ ਪਾਣੀ ਪੀਣ, ਲੱਸੀ ਤੇ ਤਰਲ ਪਦਾਰਥਾਂ ਦੀ ਵਰਤੋਂ ਵੱਧ ਕਰਨ, ਧੁੱਪ ’ਚ ਜਾਣ ਤੋਂ ਗੁਰੇਜ਼ ਕਰਨ, ਛਾਂ ਤੇ ਠੰਢੀ ਥਾਂ ’ਤੇ ਵੱਧ ਤੋਂ ਵੱਧ ਬੈਠਣ ਦੀ ਕੋਸ਼ਿਸ਼ ਕਰਨ।