ਅੰਮ੍ਰਿਤਸਰ (ਦੇਵ ਇੰਦਰਜੀਤ)- ਦਿੱਲੀ ਵਿਚ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟ੍ਰੈਕਟਰ ਪਰੇਡ ਦੇ ਦੌਰਾਨ ਲਾਲ ਕਿਲ੍ਹੇ ’ਤੇ ਕੇਸਰੀ ਝੰਡਾ ਲਾਉਣ ਵਾਲਾ ਨੌਜਵਾਨ ਜੁਗਰਾਜ ਸਿੰਘ ਤਰਨਤਾਰਨ ਦੇ ਪਿੰਡ ਵਾਂ ਤਾਰਾ ਸਿੰਘ ਦਾ ਰਹਿਣ ਵਾਲਾ ਹੈ। ਪਰਿਵਾਰ ਅਤੇ ਪਿੰਡ ਦੇ ਲੋਕਾਂ ਨੇ ਟੀਵੀ ਤੇ ਸੋਸ਼ਲ ਮੀਡੀਆ ’ਤੇ ਚੱਲ ਰਹੇ ਵੀਡੀਓ ਤੋਂ ਉਸ ਦੀ ਪਛਾਣ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਵੀ ਪਰਿਵਾਰ ਤੋਂ ਪੁੱਛਗਿੱਛ ਕੀਤੀ ਹੈ। ਜੁਗਰਾਜ ਸਿੰਘ ਦੇ ਪਿਤਾ ਬਲਦੇਵ ਸਿੰਘ ਅਤੇ ਮਾਂ ਭਗਵੰਤ ਕੌਰ ਆਪਣੀਆਂ ਤਿੰਨ ਬੇਟੀਆਂ ਨਾਲ ਰੂਪੋਸ਼ ਹੋ ਗਏ ਹਨ।
ਜੁਗਰਾਜ ਸਿੰਘ ਦੇ ਦਾਦਾ ਮਹਿਲ ਸਿੰਘ ਅਤੇ ਦਾਦੀ ਗੁਰਚਰਨ ਕੌਰ ਨੇ ਮੰਨਿਆ ਕਿ ਲਾਲ ਕਿਲ੍ਹੇ ’ਤੇ ਝੰਡਾ ਲਾਉਣ ਵਾਲਾ ਉਨ੍ਹਾਂ ਦਾ ਹੀ ਪੋਤਾ ਹੈ। ਸਾਡਾ ਪਰਿਵਾਰ ਬਾਰਡਰ ਨਾਲ ਲੱਗਦੀਆਂ ਕੰਡਿਆਲੀਆਂ ਤਾਰਾਂ ਕੋਲ ਖੇਤੀ ਕਰਦਾ ਹੈ। ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਕਿਸੇ ਵੀ ਗੈਰ-ਸਮਾਜਿਕ ਸਰਗਰਮੀ ਵਿਚ ਸ਼ਾਮਲ ਨਹੀਂ ਰਿਹਾ ਹੈ। ਦਾਦੀ ਗੁਰਚਰਨ ਕੌਰ ਨੇ ਕਿਹਾ ਕਿ ਜੁਗਰਾਜ ਪਿੰਡ ਦੇ ਗੁਰਦੁਆਰਿਆਂ ਵਿਚ ਨਿਸ਼ਾਨ ਸਾਹਿਬ ’ਤੇ ਚੋਲਾ ਸਾਹਿਬ ਚੜ੍ਹਾਉਣ ਦੀ ਸੇਵਾ ਕਰਦਾ ਸੀ। ਪਿੰਡ ਵਿਚ ਛੇ ਗੁਰਦੁਆਰਾ ਸਾਹਿਬ ਹਨ। ਇੱਥੇ ਨਿਸ਼ਾਨ ਸਾਹਿਬ ’ਤੇ ਜਦੋਂ ਵੀ ਚੋਲਾ ਸਾਹਿਬ ਚੜ੍ਹਾਉਣ ਹੁੰਦਾ ਸੀ ਤਾਂ ਜੁਗਰਾਜ ਹੀ ਇਹ ਕੰਮ ਕਰਦਾ ਸੀ। ਉਸਨੇ ਜੋਸ਼ ਵਿਚ ਆ ਕੇ ਦਿੱਲੀ ਦੇ ਲਾਲ ਕਿਲ੍ਹੇ ’ਤੇ ਵੀ ਝੰਡਾ ਚੜ੍ਹਾ ਦਿੱਤਾ ਹੋਵੇਗਾ।
ਪਿੰਡ ਦੇ ਇਕ ਵਿਅਕਤੀ ਪ੍ਰੇਮ ਸਿੰਘ ਨੇ ਦੱਸਿਆ ਕਿ ਜੁਗਰਾਜ ਮੈਟ੍ਰਿਕ ਪਾਸ ਹੈ। 24 ਜਨਵਰੀ ਨੂੰ ਪਿੰਡ ਤੋਂ ਦੋ ਟਰੈਕਟਰ-ਟਰਾਲੀਆਂ ਕਿਸਾਨ ਅੰਦੋਲਨ ਲਈ ਦਿੱਲੀ ਰਵਾਨਾ ਹੋਈਆਂ ਸਨ। ਜੁਗਰਾਜ ਸਿੰਘ ਵੀ ਇਨ੍ਹਾਂ ਦੇ ਨਾਲ ਦਿੱਲੀ ਚਲਾ ਗਿਆ ਸੀ। 26 ਜਨਵਰੀ ਨੂੰ ਟੀਵੀ ’ਤੇ ਖ਼ਬਰ ਦੇਖ ਕੇ ਹੈਰਾਨੀ ਹੋਈ ਕਿ ਲਾਲ ਕਿਲ੍ਹੇ ’ਤੇ ਕੇਸਰੀ ਝੰਡਾ ਚੜ੍ਹਾਉਣ ਵਾਲਾ ਨੌਜਵਾਨ ਜੁਗਰਾਜ ਸਿੰਘ ਉਨ੍ਹਾਂ ਦੇ ਪਿੰਡ ਦਾ ਹੀ ਹੈ।