by jaskamal
(ਨਿਊਜ਼ ਡੈਸਕ) : ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਆਪਣੇ ਸਿਆਸੀ ਵਿਰੋਧੀਆਂ ਨੂੰ ਖੁੱਲ੍ਹੀ ਬਹਿਸ ਦਾ ਚੈਲੰਜ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਚੰਡੀਗੜ੍ਹ ਵਿਚਲਾ ਟੈਗੋਰ ਥੀਏਟਰ ਨੂੰ ਬਹਿਸ ਦੇ ਸਥਾਨ ਲਈ ਚੁਣਿਆ ਗਿਆ ਸੀ ਪਰ ਉਥੋਂ ਦੇ ਪ੍ਰਬੰਧਕਾਂ ਵਲੋਂ ਸਿਆਸੀ ਬਹਿਸ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਪੰਜਾਬ ਦੀ ਮਾਨ ਸਰਕਾਰ ਵਲੋਂ ਬਹਿਸ ਲਈ ਥਾਂ ਨੂੰ ਬਦਲ ਦਿੱਤਾ ਗਿਆ ਤੇ ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਪੰਜਾਬ ਦੀ ਸਭ ਤੋਂ ਵੱਡੀ ਸਿਆਸੀ ਬਹਿਸ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ਹੋਵੇਗੀ।
ਇਥੇ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੀ ਸਾਰੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਖੁੱਲੀ ਬਹਿਸ ਦੀ ਚੁਣੌਤੀ ਦਿੱਤੀ ਗਈ ਸੀ ਅਤੇ ਇਹ ਬਹਿਸ 1 ਨਵੰਬਰ "ਪੰਜਾਬ ਦਿਵਸ" ਵਾਲੇ ਦਿਨ ਰੱਖੀ ਗਈ ਸੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਦੇ ਵਿੱਚ ਇਹ ਬਹਿਸ ਕਰਵਾਉਣ ਸਬੰਧੀ ਪੰਜਾਬ ਸਰਕਾਰ ਵੱਲੋਂ ਯੂਨੀਵਰਸਿਟੀ ਦੇ ਪ੍ਰਬੰਧਕਾਂ ਕੋਲੋਂ ਜਾਣਕਾਰੀ ਹਾਸਲ ਕੀਤੀ ਗਈ ਹੈ। ਹਾਲਾਂਕਿ ਇਸ ਸਬੰਧੀ ਫਿਲਹਾਲ ਕੋਈ ਨੋਟੀਫਿਕੇਸ਼ਨ ਤਾਂ ਜਾਰੀ ਨਹੀਂ ਕੀਤਾ ਗਿਆ ਪਰ ਫੋਨ ਕਰਕੇ ਤਰੀਕਾਂ ਬਾਰੇ ਜ਼ਰੂਰ ਪੁੱਛਿਆ ਗਿਆ ਹੈ ਅਤੇ ਇੱਕ ਤਰੀਕ ਨੂੰ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਖਾਲੀ ਦੱਸਿਆ ਜਾ ਰਿਹਾ ਹੈ। ਜਿਸ ਸਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੰਚਾਰ ਵਿਭਾਗ ਦੇ ਸਹਾਇਕ ਡਾਇਰੈਕਟਰ ਡਾਕਟਰ ਟੀਐਸ ਰਿਆੜ ਵੱਲੋਂ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ। ਇਸ ਦੇ ਨਾਲ ਹੀ ਚਰਚਾਵਾਂ ਵੀ ਨੇ ਕਿ ਸਰਕਾਰ ਵਲੋਂ ਇਸ ਆਡੀਟੋਰੀਅਮ ਨੂੰ ਸਿਆਸੀ ਬਹਿਸ ਲਈ ਬੁੱਕ ਕਰਵਾ ਲਿਆ ਹੈ।