ਪੱਤਰ ਪ੍ਰੇਰਕ : ਗੈਂਗਸਟਰ ਸੁੱਖਾ ਕਾਹਲਵਾਂ ਦੇ ਕਤਲ ਮਾਮਲੇ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆਈ ਹੈ। ਪ੍ਰਾਪਤ ਖ਼ਬਰ ਅਨੁਸਾਰ ਬੰਬੀਹਾ ਗੈਂਗ ਵਿੱਚ ਸਰਗਰਮ ਬਦਨਾਮ ਗੈਂਗਸਟਰ ਦਿਲੇਰ ਕੋਟੀਆ, ਜੋ ਕਿ ਕਤਲ ਕੇਸ ਵਿੱਚ ਭਗੌੜਾ ਸੀ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਦਿਲੇਰ ਕੋਟੀਆ ਨੂੰ ਵੀਰਵਾਰ ਨੂੰ ਕੈਲੀਫੋਰਨੀਆ ਦੇ ਸੈਕਰਾਮੈਂਟੋ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਗੈਂਗਸਟਰ ਦਿਲੇਰ ਕੋਟੀਆ ਪੰਜਾਬ ਅਤੇ ਹਰਿਆਣਾ ਦੇ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ।
ਵਿੱਕੀ ਗੌਂਡਰ ਦਾ ਕਰੀਬੀ ਦਲੇਰ ਕੋਟੀਆ : ਗੈਂਗਸਟਰ ਦਲੇਰ ਕੋਟੀਆ ਗੈਂਗਸਟਰ ਹਰਜਿੰਦਰ ਸਿੰਘ ਭੁੱਲਰ ਉਰਫ ਵਿੱਕੀ ਗੌਂਡਰ ਦਾ ਕਰੀਬੀ ਸੀ। ਜ਼ਿਕਰਯੋਗ ਹੈ ਕਿ ਵਿੱਕੀ ਗੌਂਡਰ ਦੇ ਨਾਲ-ਨਾਲ ਸੁੱਖਾ ਕਾਹਲਵਾਂ ਦੇ ਕਤਲ ਦਾ ਮੁੱਖ ਦੋਸ਼ੀ ਦਲੇਰ ਕੋਟੀਆ ਵੀ ਸੀ। ਪੰਜਾਬ ਪੁਲਿਸ ਨੇ ਗੌਂਡਰ ਨੂੰ ਐਨਕਾਊਂਟਰ ਵਿੱਚ ਮਾਰ ਦਿੱਤਾ ਸੀ ਪਰ ਕੋਟੀਆ ਫਰਾਰ ਹੋ ਗਿਆ ਸੀ।
ਦੱਸ ਦੇਈਏ ਕਿ ਸੁੱਖਾ ਕਾਹਲਵਾਂ ਦੀ ਵਿੱਕੀ ਗੌਂਡਰ ਨੇ 22 ਜਨਵਰੀ 2015 ਨੂੰ ਆਪਣੇ ਸਾਥੀਆਂ ਨਾਲ ਮਿਲ ਕੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਜਲੰਧਰ 'ਚ ਪੇਸ਼ੀ ਤੋਂ ਬਾਅਦ ਪਟਿਆਲਾ ਨਾਭਾ ਜੇਲ੍ਹ ਜਾਂਦੇ ਸਮੇਂ ਸੁੱਖਾ ਕਾਹਲਵਾਂ ਦਾ ਕਤਲ ਕਰ ਦਿੱਤਾ ਗਿਆ ਸੀ। 2010 ਵਿੱਚ ਸੁੱਖਾ ਕਾਹਲਵਾਂ ਨੇ ਵਿੱਕੀ ਗੌਂਡਰ ਦੇ ਦੋਸਤ ਲਵਲੀ ਬਾਬਾ ਦਾ ਕਤਲ ਕਰ ਦਿੱਤਾ ਸੀ ਅਤੇ ਵਿੱਕੀ ਗੌਂਡਰ ਨੇ ਸੁੱਖਾ ਕਾਹਲਵਾਂ ਦੀ ਹੱਤਿਆ ਕਰਕੇ ਆਪਣੇ ਦੋਸਤ ਦੀ ਮੌਤ ਦਾ ਬਦਲਾ ਲਿਆ ਸੀ।