ਦਿੱਲੀ (ਦੇਵ ਇੰਦਰਜੀਤ) : ਅੱਜ ਕੱਲ ਦਿੱਲੀ ਦਰਬਾਰ ’ਚ ਪੰਜਾਬ ਦੇ ਸੀਨੀਅਰ ਕਾਂਗਰਸੀਆਂ ਆਗੂਆਂ ਦਾ ਜਮਵਾੜਾ ਹੈ, ਜਿਨ੍ਹਾਂ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸੰਸਦ ਮੈਂਬਰ, ਮੰਤਰੀ ਤੇ ਵਿਧਾਇਕ ਸ਼ਾਮਲ ਹਨ। ਉਹ ਆਪਣੀ ਹਾਜ਼ਰੀ ਤਿੰਨ ਮੈਂਬਰੀ ਕਮੇਟੀ ਅੱਗੇ ਲਗਾ ਚੁੱਕੇ ਹਨ, ਜਿੱਥੇ ਕੁਝ ਸੀਨੀਅਰ ਕਾਂਗਰਸੀਆਂ ਨੇ ਸੁਤੰਸ਼ਟੀ ਪ੍ਰਗਟ ਕੀਤੀ, ਉੱਥੇ ਜ਼ਿਆਦਾਤਰ ਮੰਤਰੀਆਂ ਤੇ ਵਿਧਾਇਕਾਂ ਨੇ ਕੈਪਟਨ ਸਰਕਾਰ ਦੀ ਕਾਰਜ ਪ੍ਰਣਾਲੀ ਨੂੰ ਲੈ ਕੇ ਰੋਸ ਜ਼ਾਹਿਰ ਕੀਤਾ। ਕਾਂਗਰਸੀ ਧੜੇਬੰਦੀ ਅਤੇ ਮੁਖਲਾਫਤ ਦਾ ਕਈ ਮੌਜੂਦਾ ਮੰਤਰੀਆਂ ਤੇ ਵਿਧਾਇਕਾਂ ਨੂੰ ਇਸ ਦਾ ਖ਼ਮਿਆਜ਼ਾ ਆਉਣ ਵਾਲੇ ਸਮੇਂ ’ਚ ਭੁਗਤਨਾ ਪੈ ਸਕਦਾ ਹੈ, ਜਿਹੜਾ ਕਾਂਗਰਸ ਪਾਰਟੀ ਲਈ ਨੁਕਸਾਨ ਦਾਇਕ ਸਾਬਤ ਹੋ ਸਕਦਾ ਹੈ।
ਦੇਸ਼ ਦੀ ਰਾਜਨੀਤੀ ’ਚ ਹੁਣ ਮੁੱਦਿਆਂ ਦੀ ਜਗ੍ਹਾ ਮੌਕਿਆਂ ਨੇ ਲੈ ਲਈ ਹੈ ਅਤੇ ਸਿਆਸੀ ਪਾਰਟੀਆਂ ਸੱਤਾ ਪ੍ਰਾਪਤੀ ਲਈ ਕੋਈ ਵੀ ਹੱਥਕੰਡਾ ਅਪਣਾਉਣ ਤੋਂ ਗੁਰੇਜ਼ ਨਹੀਂ ਕਰਦੀਆਂ ਜਿਸ ਦਾ ਲਾਹਾ ਲੈਣ ਲਈ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਹਵਾ ਮੁਤਾਬਕ ਸ਼ਾਮਲ ਹੋ ਕੇ ਮੌਕਾਪ੍ਰਸਤੀ ਦੀ ਖੇਡ ਖੇਡਦੇ ਹਨ ਅਤੇ ਇਨ੍ਹਾਂ ਦਲਬਦਲੂਆਂ ਦੀ ਤਾਜ਼ਾ ਮਿਸਾਲ ਬੰਗਾਲ ਤੋਂ ਮਿਲਦੀ ਹੈ। ਮੌਜੂਦਾ ਸਮੇਂ ’ਚ ਰਾਸ਼ਟਰੀ ਤੇ ਖੇਤਰੀ ਪਾਰਟੀਆਂ ਆਪਣੀ ਹੋਂਦ ਨੂੰ ਬਚਾਉਣ ਲਈ ਜੱਦੋ-ਜਹਿਦ ਕਰ ਰਹੀਆਂ ਹਨ। ਖੇਤਰੀ ਪਾਰਟੀਆਂ ਜਿੱਥੇ ਮਜ਼ਬੂਤੀ ਨਾਲ ਅੱਗੇ ਵੱਧ ਰਹੀਆਂ ਹਨ, ਉੱਥੇ ਰਾਸ਼ਟਰੀ ਪਾਰਟੀਆਂ ਨੂੰ ਲਗਾਤਾਰ ਖੋਰਾ ਲੱਗ ਰਿਹਾ ਹੈ। ਜੇਕਰ ਗੱਲ ਭਾਜਪਾ ਤੇ ਕਾਂਗਰਸ ਦੀ ਕਰੀਏ ਤਾਂ ਕਾਂਗਰਸ ਦੀ ਰਾਸ਼ਟਰੀ ਤੇ ਸੂਬਾਈ ਆਗੂਆਂ ’ਚ ਵੱਧ ਰਹੀ ਧੜੇਬੰਦੀ ਇਸ ਦੇ ਪਤਨ ਦਾ ਕਾਰਨ ਬਣ ਰਹੀ ਹੈ, ਉੱਥੇ ਹੀ ਕਾਂਗਰਸ ਹਾਈਕਮਾਂਡ ਹੁਣ ਬਚੇ ਹੋਏ ਸੂਬਿਆਂ ਨੂੰ ਆਪਣੇ ਹੱਥੋਂ ਗੁਆਉਣਾ ਨਹੀਂ ਚਾਹੁੰਦੀ, ਜਿਨ੍ਹਾਂ ਸੂਬਿਆਂ ’ਚ 2022 ’ਚ ਵਿਧਾਨ ਸਭਾ ਚੋਣਾਂ ਦਾ ਬਿਗੁਲ ਵੱਜਿਆ ਹੋਇਆ ਹੈ, ਕਾਂਗਰਸ ਪਾਰਟੀ ਉਥੇ ਆਪਣੀ ਜ਼ਮੀਨ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਵਿਚ ਪੰਜਾਬ ਵੀ ਇਕ ਹੈ।
ਪੰਜਾਬ ’ਚ ਮੁੱਖ ਤੌਰ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੀ ਪ੍ਰਭਾਵਸ਼ਾਲੀ ਸ਼ਖਸੀਅਤ ਕਰਨ ਕਾਂਗਰਸੀ ਵਰਕਰਾਂ ’ਤੇ ਡੂੰਘੀ ਛਾਪ ਛੱਡਦੇ ਹਨ ਪਰ ਇਕਮੁੱਠਤਾ ਨਾ ਹੋਣ ਕਰ ਕੇ ਵਰਕਰਾਂ ਦੇ ਹੌਸਲੇ ਵੀ ਟੁੱਟਣ ਕਿਨਾਰੇ ਹਨ। ਜੋੜ ਤੋੜ ਦੀ ਸਿਆਸਤ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੂਰੀ ਮੁਹਾਰਤ ਰੱਖਦੇ ਹਨ, ਜਿਸ ਕਰਕੇ ਕਾਂਗਰਸ ਹਾਈਕਮਾਂਡ ਵੀ ਉਨ੍ਹਾਂ ਦੀ ਕਮਾਂਡ ਨੂੰ ਚੈਲੰਜ ਨਹੀਂ ਕਰ ਰਹੀ ਪਰ ਬਾਕੀ ਸੀਨੀਅਰ ਕਾਂਗਰਸੀਆਂ ਨੂੰ ਸੁਤੰਸ਼ਟ ਕਰਨਾ ਵੀ ਉਨ੍ਹਾਂ ਲਈ ਵੱਡੀ ਚੁਣੌਤੀ ਸਾਬਤ ਹੋ ਰਹੀ ਹੈ ਜਿਸ ਕਰ ਕੇ ਉਹ ਵੀ ਫੂਕ-ਫੂਕ ਕੇ ਪੈਰ ਰੱਖ ਰਹੇ ਹਨ।
ਕੇਂਦਰੀ ਕਾਂਗਰਸੀ ਹਾਈਕਮਾਡ ਵੱਲੋਂ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨਾਲ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰਨ ਦੀ ਗੱਲ ਕੀਤੀ ਹੈ, ਉਸ ਤੋਂ ਜਾਪਦਾ ਹੈ ਅਗਲੇ ਕੁਝ ਦਿਨਾਂ ’ਚ ਸੂਬਾਈ ਕਾਂਗਰਸ ਨੂੰ ਅਨੁਸ਼ਾਸਨ ਵਿਚ ਲਿਆਉਣ ਲਈ ਵੱਡਾ ਫ਼ੈਸਲਾ ਲਿਆ ਜਾ ਸਕਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਸ ਤਰ੍ਹਾਂ ਦਿੱਲੀ ਤੋਂ ਸੋਨੀਆ ਗਾਧੀ ਨੂੰ ਬਿਨਾਂ ਮਿਲੇ ਪੰਜਾਬ ਪਰਤੇ, ਉਸ ਤੋਂ ਉਨ੍ਹਾਂ ਦੀ ਨਰਾਜ਼ਗੀ ਖਾਸ ਤੌਰ ’ਤੇ ਝਲਕਦੀ ਹੈ, ਉੱਥੇ ਦੂਸਰੇ ਪਾਸੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੀ ਕਾਂਗਰਸ ਹਾਈਕਮਾਂਡ ਨਾਲ ਹੋਈ ਮੁਲਾਕਾਤ ਨਾਲ ਚਰਚਾਵਾਂ ਦੇ ਬਾਜ਼ਾਰ ਗਰਮ ਹੋ ਗਏ ਹਨ। ਮੌਜੂਦਾ ਸਮੇਂ ’ਚ ਨਵਜੋਤ ਸਿੰਘ ਸਿੱਧੂ ਵੱਲੋਂ ਸੂਬਾ ਸਰਕਾਰ ਵਲੋਂ ਕੀਤੇ ਕੰਮਾਂ ’ਤੇ ਕੀਤੀ ਜਾ ਰਹੀ ਹਮਲਾਵਰ ਸ਼ਬਦਾਵਲੀ ਆਉਣ ਵਾਲੇ ਸਮੇਂ ’ਚ ਸਿਆਸਤ ’ਚ ਵੱਡਾ ਭੂਚਾਲ ਲਿਆ ਸਕਦੀ ਹੈ, ਜਿਸ ਵੱਲ ਸਾਰੀਆਂ ਸਿਆਸੀ ਪਾਰਟੀਆਂ ਵੇਖ ਰਹੀਆਂ ਹਨ।