ਜਲੰਧਰ (ਰਾਘਵ) - ਲਗਾਤਾਰ ਪੈ ਰਹੀ ਭਿਆਨਕ ਗਰਮੀ ਕਾਰਨ ਜਿਥੇ ਲੋਕ ਪ੍ਰੇਸ਼ਾਨ ਹਨ, ਉਥੇ ਹੀ ਗਰਮੀ ਕਾਰਨ ਹੁਣ ਮੌਤਾਂ ਵੀ ਹੋਣੀਆਂ ਸ਼ੁਰੂ ਹੋ ਗਈਆਂ ਹਨ। ਟਰਾਂਸਪੋਰਟ ਨਗਰ ਵਿਚੋਂ ਸਵੇਰੇ ਲੱਗਭਗ 70 ਸਾਲਾ ਬਜ਼ੁਰਗ ਦੀ ਲਾਸ਼ ਮਿਲੀ ਹੈ।
ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਨੰਬਰ 8 ਵਿਚ ਤਾਇਨਾਤ ਸਬ-ਇੰਸ. ਬਲਜੀਤ ਸਿੰਘ ਮੌਕੇ ’ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਲਾਸ਼ ਦੀ ਸ਼ਨਾਖਤ ਕਰਵਾਉਣ ਦੇ ਕਈ ਯਤਨ ਕੀਤੇ ਪਰ ਸ਼ਨਾਖਤ ਨਹੀਂ ਹੋ ਸਕੀ। ਦੱਸ ਦਈਏ ਕਿ ਇਸੇ ਤਰ੍ਹਾਂ ਇੰਡਸਟਰੀਅਲ ਏਰੀਆ ਗਲੀ ਨੰਬਰ 1 ਟਰਾਂਸਪੋਰਟ ਨਗਰ ਵਿਚੋਂ ਪੁਲਸ ਨੂੰ 40-45 ਸਾਲਾ ਵਿਅਕਤੀ ਦੀ ਲਾਸ਼ ਮਿਲੀ ਹੈ। ਉਕਤ ਲਾਸ਼ ਦੀ ਵੀ ਸ਼ਨਾਖਤ ਨਹੀਂ ਹੋ ਸਕੀ ਕਿਉਂਕਿ ਉਸ ਕੋਲੋਂ ਕੋਈ ਦਸਤਾਵੇਜ਼ ਨਹੀਂ ਮਿਲਿਆ।
ਗਰਮੀ ਕਾਰਨ ਦੋਵਾਂ ਦੀ ਮੌਤ ਹੋਈ ਹੈ। ਪੁਲਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਅਤੇ ਸ਼ਨਾਖਤ ਲਈ ਸਿਵਲ ਹਸਪਤਾਲ ਵਿਚ 72 ਘੰਟਿਆਂ ਲਈ ਰੱਖਿਆ ਹੈ। ਜੇਕਰ ਲਾਸ਼ਾਂ ਦੀ ਸ਼ਨਾਖਤ ਨਾ ਹੋਈ ਤਾਂ ਪੁਲਸ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਨਗਰ ਨਿਗਮ ਦੀ ਮਦਦ ਨਾਲ ਉਨ੍ਹਾਂ ਦਾ ਸਸਕਾਰ ਵੀ ਕਰਵਾਏਗੀ।