ਬੁਢਲਾਡਾ (ਕਰਨ) - ਅੱਜ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸ਼ਹਿਰ ਦੇ ਰਿਲਾਇੰਸ ਪੈਟਰੋਲ ਪੰਪ 'ਤੇ ਹਾੜੀ ਦੇ ਸੀਜਨ ਦੇ ਬਾਵਜੂਦ ਕਿਸਾਨ ਖੇਤੀ ਦੇ ਕਾਲੇ ਕਾਨੂੰਨਾਂ ਖਿਲਾਫ਼ ਮੋਰਚੇ 'ਤੇ ਡੱਟੇ ਰਹੇ। ਲੜੀਵਾਰ ਧਰਨਾ ਅੱਜ 209 ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ । ਅੰਦੋਲਨਕਾਰੀ ਕਿਸਾਨਾਂ ਨੇ ਮੋਦੀ ਸਰਕਾਰ ਵਿਰੁੱਧ ਤਿੱਖੀ ਨਾਅਰੇਬਾਜ਼ੀ ਕੀਤੀ। ਫੁੱਟਪਾਊ ਅਤੇ ਸਰਕਾਰ ਪੱਖੀ ਤਾਕਤਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਨਾਪਾਕ ਮਨਸੂਬੇ ਕਦੇ ਵੀ ਸਫਲ ਨਹੀਂ ਹੋਣਗੇ।
ਇਸ ਮੌਕੇ 'ਤੇ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲਾ ਆਗੂ ਸਵਰਨ ਸਿੰਘ ਬੋੜਾਵਾਲ , ਪੰਜਾਬ ਕਿਸਾਨ ਸਭਾ ( ਏ ਆਈ ਕੇ ਐਸ ) ਦੇ ਜ਼ਿਲਾ ਆਗੂ ਜਸਵੰਤ ਸਿੰਘ ਬੀਰੋਕੇ , ਭਾਰਤੀ ਕਿਸਾਨ ਯੂਨੀਅਨ ( ਡਕੌਂਦਾ ) ਦੇ ਆਗੂ ਜਵਾਲਾ ਸਿੰਘ ਗੁਰਨੇ ਖੁਰਦ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਬਲਵੀਰ ਸਿੰਘ ਗੁਰਨੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਕਿਸਾਨਾਂ ਦਾ ਅੰਦੋਲਨ ਦੇ ਮਾਅਨੇ ਵਿਸਵਵਿਆਪੀ ਬਣ ਚੁੱਕੇ ਹਨ। ਇਸ ਅੰਦੋਲਨ ਨੂੰ ਇਨਾਂ ਸਥਿਤੀਆਂ ਵਿੱਚ ਧਰਮ , ਰਾਜ ਜਾਂ ਫਿਰਕੂ ਰੰਗਤ ਨਹੀਂ ਦਿੱਤੀ ਜਾ ਸਕੇਗੀ ਸਗੋਂ ਇਸਦੇ ਉਲਟ ਅਜਿਹੇ ਹੱਥਕੰਡੇ ਅਪਣਾਉਣ ਵਾਲੀਆਂ ਤਾਕਤਾਂ ਹਮਾਮ ਵਿੱਚ ਨੰਗਾ ਹੋਣਗੀਆਂ ਅਤੇ ਅੰਦੋਲਨ ਨਵੇਂ ਰੰਗ ਬਿਖੇਰੇਗਾ।
ਧਰਨੇ ਨੂੰ ਹੋਰਨਾਂ ਤੋਂ ਬਿਨਾਂ ਸੁਰਜੀਤ ਸਿੰਘ ਅਹਿਮਦਪੁਰ , ਗੁਰਦੇਵ ਸਿੰਘ ਗੁਰਨੇ ਕਲਾਂ , ਜਵਾਲਾ ਸਿੰਘ ਗੁਰਨੇ ਖੁਰਦ , ਬਹਾਦਰ ਸਿੰਘ ਔਲਖ , ਭੂਰਾ ਸਿੰਘ ਅਹਿਮਦਪੁਰ , ਕ੍ਰਿਸ਼ਨ ਸਿੰਘ ਗੁਰਨੇ ਕਲਾਂ , ਰੁਮਾਲਾ ਸਿੰਘ ਬੀਰੋਕੇ , ਬਲਦੇਵ ਸਿੰਘ ਮੱਖਣ ਸਰਪੰਚ ਗੁਰਨੇ ਖੁਰਦ , ਨੰਬਰਦਾਰ ਜੀਤ ਸਿੰਘ ਗੁਰਨੇ ਕਲਾਂ ਅਤੇ ਨਾਜਰ ਸਿੰਘ ਔਲਖ ਨੇ ਵੀ ਸੰਬੋਧਨ ਕੀਤਾ ।
by vikramsehajpal